ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜਾਨਲੇਵਾ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਵਿਸ਼ਵ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਕੀਤਾ ਹੋਇਆ ਹੈ। ਹੁਣ ਇਸ ਮਹਾਮਾਰੀ ਦਾ ਅਸਰ ਤਿਉਹਾਰਾਂ ਉੱਤੇ ਵੀ ਪੈਦਾ ਵਿਖਾਈ ਦੇ ਰਿਹਾ ਹੈ। ਦਰਅਸਲ ਇਸਲਾਮਿਕ ਦੇਸ਼ ਸਾਊਥੀ ਅਰਬ ਨੇ ਕੋਰੋਨਾ ਦੇ ਮੱਦੇਨਜ਼ਰ ਇਸਲਾਮ ਦੇ ਸੱਭ ਤੋਂ ਵੱਡੇ ਤੇ ਪਵਿੱਤਰ ਤਿਉਹਾਰ ਈਦ-ਉੱਲ-ਫੀਤਰ ਦੇ ਮੌਕੇ ‘ਤੇ ਵੀ 24 ਘੰਟੇ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸਾਊਦੀ ਅਰਬ ਦੀ ਸਰਕਾਰ ਨੇ ਕੋਰੋਨਾ ਸੰਕਰਮਨ ਦੇ ਪ੍ਰਕੋਪ ਨੂੰ ਵੇਖਦਿਆਂ ਪੂਰੇ ਦੇਸ਼ ਵਿਚ ਈਦ ਦੀਆਂ ਪੰਜ ਛੁੱਟੀਆਂ ਦੇ ਦੌਰਾਨ 24 ਘੰਟੇ ਲਾਕਡਾਊਨ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਐਲਾਨ ਕੀਤਾ ਹੈ ਕਿ ਰਮਜ਼ਾਨ ਮਹੀਨੇ ਦੇ ਅਖੀਰ ਵਿਚ ਈਦ-ਉੱਲ-ਫਿਤਰ ਦੇ ਨਾਲ 23 ਮਈ ਤੋਂ 27 ਮਈ ਤੱਕ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਜਾਵੇਗਾ। ਇਨ੍ਹਾਂ 5 ਦਿਨਾਂ ਅੰਦਰ ਲਾਕਡਾਊਨ ਵਿਚ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਤੇ ਪੂਰੇ ਤਰੀਕੇ ਨਾਲ ਪਾਬੰਦੀ ਲੱਗੀ ਰਹੇਗੀ। ਰਿਪੋਰਟਾ ਮੁਤਾਬਕ ਸਾਊਦੀ ਅਰਬ ਨੇ ਪਵਿੱਤਰ ਸ਼ਹਿਰ ਮੱਕਾ ਵਿਚ ਵੀ ਕੋਰੋਨਾ ਕਰਕੇ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਤੇ ਬਿਲਕੁੱਲ ਵੀ ਰਿਆਇਤ ਨਹੀਂ ਦਿੱਤੀ ਹੈ। ਦਰਅਸਲ ਇੱਥੇ 9 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਸਾਊਦੀ ਦਾ ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸ਼ਹਿਰ ਬਣ ਚੁੱਕਿਆ ਹੈ। ਹਾਲਾਂਕਿ ਮੱਕਾ ਸ਼ਹਿਰ ਨੂੰ ਛੱਡ ਕੇ ਈਦ ਤੋਂ ਪਹਿਲਾਂ ਬਾਕੀ ਥਾਵਾਂ ‘ਤੇ ਲੋਕ ਪੁਰਾਣੇ ਆਦੇਸ਼ਾਂ ਅਨੁਸਾਰ ਰੋਜ਼ਾਨਾ ਦੀ ਤਰ੍ਹਾ ਅਵਾਜਾਈ ਨੂੰ ਜਾਰੀ ਰੱਖ ਸਕਣਗੇ। ਲੋਕ ਸਵੇਰੇ 9 ਵਜੇ ਤੋਂ 5 ਵਜੇ ਤੱਕ ਆਪਣੇ ਜਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ। ਦੱਸ ਦਈਏ ਕਿ ਸਾਊਦੀ ਅਰਬ ਨੇ ਮਾਰਚ ਮਹੀਨੇ ਵਿਚ ਕੋਰੋਨਾ ਮਹਾਮਾਰੀ ਕਾਰਨ ਉਮਰਾ ਤੀਰਥਯਾਤਰਾ ਉੱਤੇ ਰੋਕ ਲਗਾ ਦਿੱਤੀ ਸੀ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੀ ਫਲਾਈਟਾਂ ਨੂੰ ਵੀ ਰੋਕ ਦਿੱਤਾ ਸੀ। ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਾਊਦੀ ਅਰਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 42,925 ਹੋ ਗਈ ਹੈ ਜਦਕਿ ਹੁਣ ਤੱਕ 264 ਕੋਰੋਨਾ ਪੀੜਤ ਦਮ ਤੋੜ ਚੁੱਕੇ ਹਨ।

