ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲੇ ਸਰਕਾਰ ਦੀਆਂ ਚਿੰਤਾਵਾਂ ਵਿਚ ਵੀ ਇਜ਼ਾਫਾ ਕਰ ਰਹੇ ਹਨ ਇਸੇ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦਾ ਸਾਰੇ ਸੂਬਿਆਂ ਦੇ ਮੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨਗੇ ਜਿਸ ਦੌਰਾਨ ਕੋਰੋਨਾ ਨਾਲ ਨਜਿੱਠਣ ਨੂੰ ਲੈ ਕੇ ਚਰਚਾ ਹੋਵੇਗੀ।
ਕੋਰੋਨਾ ਸੰਕਟ ਦੇ ਮੱਦੇਨਜ਼ਰ ਪੀਐਮ ਮੋਦੀ ਦੀ ਮੁੱਖ ਮੰਤਰੀਆਂ ਦੇ ਨਾਲ ਇਹ ਪੰਜਵੀ ਮੀਟਿੰਗ ਹੈ। ਇਹ ਮੀਟਿੰਗ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗੀ ਜੋ ਕਿ ਦੋ ਪੜਾਵਾਂ ਵਿਚ ਹੋਵੇਗੀ। ਪਹਿਲਾ ਪੜਾਅ 3 ਵਜੇ ਤੋਂ ਸ਼ੁਰੂ ਹੋ ਕੇ ਸਾਢੇ ਪੰਜ ਵਜੇ ਤੱਕ ਚੱਲੇਗਾ ਅਤੇ 30 ਮਿੰਟ ਦੀ ਬ੍ਰੇਕ ਤੋਂ ਬਾਅਦ ਬੈਠਕ ਸ਼ਾਮ 6 ਵਜੇ ਮੁੜ ਸ਼ੁਰੂ ਹੋਵੇਗੀ ਜੋ ਕਿ ਸਮਾਪਤੀ ਤੱਕ ਜਾਰੀ ਰਹੇਗੀ। ਦਰਅਸਲ ਪਹਿਲਾਂ ਹੋਈਆਂ ਬੈਠਕਾਂ ਵਿਚ ਸਮੇਂ ਦੀ ਘਾਟ ਕਾਰਨ ਸਾਰੇ ਮੁੱਖ ਮੰਤਰੀਆਂ ਨੂੰ ਗੱਲ ਰੱਖਣ ਦਾ ਮੌਕਾ ਨਹੀਂ ਮਿਲਦਾ ਸੀ ਜਿਸ ਕਰਕੇ ਇਸ ਬੈਠਕ ਨੂੰ ਦੋ ਪੜਾਵਾਂ ਵਿਚ ਵੰਡਿਆ ਗਿਆ ਹੈ ਤਾਂ ਜੋ ਸਾਰੇ ਮੁੱਖ ਮੰਤਰੀ ਆਪਣੀ ਗੱਲ ਰੱਖ ਸਕਣ। ਬੈਠਕ ਵਿਚ ਮੁੱਖ ਮੰਤਰੀਆਂ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾਕਟਰ ਹਰਸ਼ਵਰਧਨ, ਮੁੱਖ ਸਕੱਤਰ, ਗ੍ਰਹਿ ਸਕੱਤਰ, ਸਿਹਤ ਸਕੱਤਰ ਅਤੇ ਸੂਬਿਆਂ ਦੇ ਡੀਜੀਪੀ ਵੀ ਸ਼ਾਮਲ ਹੋਣਗੇ। ਬੈਠਕ ਵਿਚ ਇਹ ਤੈਅ ਕੀਤਾ ਜਾਵੇਗਾ ਕਿ 17 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ ਅੱਗੇ ਵਧਾਇਆ ਜਾਵੇ ਜਾਂ ਫਿਰ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇ। ਪੀਐਮ ਮੋਦੀ ਨਾਲ ਸਾਰੇ ਮੁੱਖ ਮੰਤਰੀ ਕੋਰੋਨਾ ਨਾਲ ਲੜਨ ਲਈ ਚੁੱਕੇ ਗਏ ਤੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਚਰਚਾ ਕਰਨਗੇ ਅਤੇ ਆਪਣੇ ਸੁਝਾਅ ਦੇਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 20 ਮਾਰਚ,2 ਅਪ੍ਰੈਲ, 11 ਅਪ੍ਰੈਲ ਅਤੇ 27 ਅਪ੍ਰੈਲ ਨੂੰ ਵੀ ਇਹ ਬੈਠਕ ਹੋ ਚੁੱਕੀ ਹੈ।

