ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਸਰਕਾਰੀ ਹਥਿਆਰ ਏਕੇ-47 ਨਾਲ ਫਾਇੰਰਿੰਗ ਕਰਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਉੱਤੇ ਮਾਮਲਾ ਦਰਜ ਕਰ ਲਿਆ ਹੈ ਨਾਲ ਹੀ ਵੀਡੀਓ ਵਿਚ ਉਸ ਨੂੰ ਟਰੇਨਿੰਗ ਦਿੰਦੇ ਛੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਸਪੈਂਡ ਕਰਕੇ ਕੇਸ ਦਰਜ ਕੀਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
ਦਰਅਸਲ ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰਖੀਆ ਵਿਚ ਬਣੇ ਰਹਿਣ ਵਾਲੇ ਸਿੱਧੂ ਮੂਸੇਵਾਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਮੂਸੇਵਾਲ ਬਰਨਾਲਾ ਦੇ ਪਿੰਡ ਬੱਬਰ ਵਿਚ ਸ਼ੂਟਿੰਗ ਰੇਜ਼ ‘ਚ ਏਕੇ-47 ਰਾਈਫਲ ਨਾਲ ਫਾਇਰਿੰਗ ਕਰਦਾ ਵਿਖਾਈ ਦੇ ਰਿਹਾ ਹੈ ਅਤੇ ਵੀਡੀਓ ਵਿਚ ਕੁੱਝ ਪੁਲਿਸ ਮੁਲਾਜ਼ਮ ਉਸਨੂੰ ਇਹ ਹਥਿਆਰ ਵਰਤਣ ਵਿਚ ਸਹਾਇਤਾ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੜਕੰਪ ਮੱਚ ਗਿਆ ਜਿਸ ਤੋਂ ਬਾਅਦ ਛੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਨਾਲ ਉਨ੍ਹਾਂ ਅਤੇ ਸਿੱਧੂ ਮੂਸੇਵਾਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਬਰਨਾਲਾ ਜਿਲ੍ਹੇ ਦੇ ਧਨੌਲਾ ਥਾਣੇ ‘ਚ ਆਈਪੀਸੀ ਦੀ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 51 ਤਹਿਤ ਦਰਜ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਡੀਐਸਪੀ ਦੁਆਰਾ ਰੇਜ਼ ‘ਚ ਕਥਿਤ ਤੌਰ ‘ਤੇ ਤਾਇਨਾਤ ਕੀਤੇ ਗਏ ਸਨ ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਉੱਤੇ ਡੀਐਸਪੀ ਦਲਜੀਤ ਸਿੰਘ ਵਿਰਕ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

