ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੀ ਦੇਸ਼ ਵਿਚ 3 ਮਈ ਤੱਕ ਲਾਕਡਾਊਨ ਕੀਤਾ ਹੋਇਆ ਹੈ ਅਤੇ ਕੇਵਲ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾ ਖੋਲ੍ਹਣ ਦੇ ਹੁਕਮ ਦਿੱਤੇ ਸਨ ਪਰ ਹੁਣ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਰੂਰੀ-ਚੀਜ਼ਾਂ ਦੀਆਂ ਦੁਕਾਨਾਂ ਦੇ ਨਾਲ ਅੱਜ ਤੋਂ ਗੈਰ-ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਵੀ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਰਿਹਾਇਸ਼ੀ ਕਲੋਨੀਆਂ ਦੇ ਨਾਲ ਲੱਗਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਜੋ ਕਿ ਨਗਰ ਨਿਗਮ ਅਤੇ ਨਗਰ ਪਾਲੀਕਾਵਾਂ ਦੀਆਂ ਹੱਦਾਂ ਵਿਚ ਆਉਂਦੀਆਂ ਹਨ ਪਰ ਇਸ ਇਜਾਜ਼ਤ ਦੇ ਨਾਲ ਗ੍ਰਹਿ ਮੰਤਰਾਲੇ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ ਜਿਸ ਅਨੁਸਾਰ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਖੁਲ੍ਹਣ ਵਾਲੀਆਂ ਦੁਕਾਨਾਂ ਸਥਾਪਨਾ ਐਕਟ ਦੇ ਤਹਿਤ ਰਜਿਸਟਰਡ ਹੋਣੀ ਚਾਹੀਦੀਆਂ ਹਨ। ਦੁਕਾਨਾਂ ਵਿਚ 50 ਫ਼ੀਸਦੀ ਸਟਾਫ ਹੀ ਕੰਮ ਕਰ ਸਕੇਗਾ। ਨਾਲ ਹੀ ਸਾਵਧਾਨੀ ਦੀ ਤੌਰ ਤੇ ਸੋਸ਼ਲ ਡਿਸਟੈਂਸਿੰਗ ਅਤੇ ਸਟਾਫ਼ ਨੂੰ ਮਾਸਕ ਲਗਾਉਣਾ ਜਰੂਰੀ ਹੋਵੇਗਾ। ਸੱਭ ਤੋਂ ਵੱਡੀ ਸ਼ਰਤ ਇਹ ਹੈ ਕਿ ਦੁਕਾਨਾਂ ਖੋਲ੍ਹਣ ਵਾਲਾ ਇਹ ਆਦੇਸ਼ ਉਨ੍ਹਾਂ ਇਲਾਕਿਆਂ ਵਿਚ ਲਾਗੂ ਹੋਵੇਗਾ ਜੋ ਕੋਰੋਨਾ ਹਾਟਸਪੌਟ ਅਤੇ ਕੰਟੇਨਮੈਂਟ ਜੋਨ ਨਹੀਂ ਐਲਾਨੇ ਗਏ ਹਨ। ਕੇਂਦਰ ਸਰਕਾਰ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਫੈਸਲਾ ਸੂਬਾ ਸਰਕਾਰਾਂ ਨੇ ਲੈਣਾ ਹੈ ਕਿ ਉਹ ਦੁਕਾਨਾਂ ਖੋਲ੍ਹਣ ਲਈ ਆਗਿਆਂ ਦਿੰਦੀ ਹੈ ਜਾਂ ਫਿਰ ਨਹੀਂ। ਦੱਸ ਦਈਏ ਕਿ ਮੌਲ, ਸਿਨੇਮਾ ਘਰ, ਸ਼ੌਪਿੰਗ ਕੰਪਲੈਕਸ, ਜਿੰਮ, ਸਵੀਮਿੰਗ ਪੂਲ ਅਤੇ ਸ਼ਰਾਬ ਦੀਆਂ ਦੁਕਾਨਾਂ ਉੱਤੇ ਪਾਬੰਦੀ ਪਹਿਲਾਂ ਦੀ ਤਰ੍ਹਾ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।

