ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਰੋਨਾ ਵਾਇਰਸ ਨੇ ਦੁਨੀਆ ਸਮੇਤ ਭਾਰਤ ਵਿਚ ਵੀ ਪੈਰ ਪਸਾਰ ਲਏ ਹਨ। ਹੁਣ ਇਸ ਜਾਵਲੇਵਾ ਵਾਇਰਸ ਨੇ ਭਾਰਤ ਦੇ ਸੱਭ ਤੋਂ ਸੁਰੱਖਿਅਤ ਸਥਾਨ ਰਾਸ਼ਟਰਪਤੀ ਭਵਨ ਅਤੇ ਲੋਕਸਭਾ ਦੇ ਸਕੱਤਰੇਤ ਵਿਚ ਵੀ ਆਪਣੀ ਦਸਤਕ ਦੇ ਦਿੱਤੀ ਹੈ। ਦਰਅਸਲ ਰਾਸ਼ਟਰਪਤੀ ਭਵਨ ਵਿਚ ਇਕ ਸਫ਼ਾਈ ਕਰਮਚਾਰੀ ਦੀ ਘਰਵਾਲੀ ਕੋਰੋਨਾ ਨਾਲ ਸੰਕਰਮਿਤ ਪਾਈ ਗਈ ਹੈ ਜਦਕਿ ਲੋਕਸਭਾ ਸਕੱਤਰੇਤ ਦੇ ਹਾਊਸ ਕੀਪਿੰਗ ਡਿਪਾਰਟਮੈਂਟ ਵਿਚ ਕੰਮ ਕਰਨ ਵਾਲਾ ਇਕ ਵਿਅਕਤੀ ਕੋਰੋਨਾ ਦੀ ਚਪੇਟ ਵਿਚ ਆ ਚੁੱਕਿਆ ਹੈ।
ਜਾਣਕਾਰੀ ਮੁਤਾਬਕ ਕੋਰੋਨਾ ਪੀੜਤ ਮਹਿਲਾ ਦਾ ਪਤੀ ਰਾਸ਼ਟਰਪਤੀ ਭਵਨ ਵਿਚ ਸਫ਼ਾਈਕਰਮਚਾਰੀ ਹੈ ਅਤੇ ਆਪਣੀ ਪਤਨੀ ਨਾਲ ਰਾਸ਼ਟਰਪਤੀ ਭਵਨ ਦੇ ਕੰਪਲੈਕਸ ਵਿਚ ਰਹਿੰਦਾ ਹੈ। ਪੀੜਤ ਔਰਤ ਦੀ ਮਾਂ ਦੀ ਪਿਛਲੇ ਦਿਨਾਂ ਵਿਚ ਕੋਰੋਨਾ ਨਾਲ ਮੌਤ ਹੋਈ ਸੀ ਅਤੇ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਆਪਣੇ ਪਿੰਡ ਗਈ ਸੀ ਪਰ ਬਾਅਦ ਵਿਚ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਵਿਚ ਕੋਰੋਨਾ ਦੇ ਲੱਛਣ ਪਾਏ ਜਾਣ ਮਗਰੋ ਉਸ ਦਾ ਟੈਸਟ ਕੀਤਾ। ਜਦੋਂ ਜਾਂਚ ਰਿਪੋਰਟ ਪਾਜ਼ੀਟਿਵ ਆਈ ਤਾਂ ਰਾਸ਼ਟਰਪਤੀ ਭਵਨ ਵਿਚ ਹੜਕੰਪ ਮਚ ਗਿਆ ਜਿਸ ਤੋਂ ਬਾਅਦ ਉੱਥੇ ਰਹਿੰਦੇ 125 ਪਰਿਵਾਰਾਂ ਨੂੰ ਵੀ ਹੋਮ ਕੁਵਾਰੰਟਿਨ ਕਰ ਦਿੱਤਾ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਲੋਕਸਭਾ ਦੇ ਸਕੱਤਰੇਤ ਵਿਚ ਹਾਊਸ ਕੀਪਿੰਗ ਵਿਭਾਗ ‘ਚ ਕੰਮ ਕਰਨ ਵਾਲੇ ਵਿਅਕਤੀ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਅਕਤੀ 10 ਦਿਨ ਪਹਿਲਾਂ ਬੀਮਾਰ ਹੋਇਆ ਸੀ ਅਤੇ ਦਿੱਲੀ ਦੇ ਰਾਮ ਲੋਹੀਆ ਹਸਪਤਾਲ ਵਿਚ ਜਾਂਚ ਲਈ ਗਿਆ ਪਰ ਹਸਪਤਾਲ ਨੇ ਉਸ ਨੂੰ ਦਵਾਈ ਦੇ ਕੇ ਘਰੇ ਭੇਜ ਦਿੱਤਾ ਪਰ ਬਾਅਦ ਵਿਚ ਉਸ ‘ਚ ਖਾਂਸੀ, ਬੁਖਾਰ ਅਤੇ ਸਰੀਰ ਦਰਦ ਵਰਗੇ ਕੋਰੋਨਾ ਦੇ ਲੱਛਣ ਦਿਖਾਈ ਦੇਣ ਲੱਗੇ ਅਤੇ ਫਿਰ ਉਹ 18 ਅਪ੍ਰੈਲ ਨੂੰ ਵਾਪਸ ਹਸਪਤਾਲ ਗਿਆ ਜਿੱਥੇ ਡਾਕਟਰਾਂ ਨੇ ਉਸ ਦਾ ਟੈਸਟ ਲਿਆ ਅਤੇ ਬੀਤੇ ਐਤਵਾਰ ਨੂੰ ਉਸ ਦੀ ਜਾਂਚ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਰਿਪੋਰਟਾਂ ਮੁਤਾਬਕ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਅਧਿਕਾਰੀਆਂ ਨੂੰ ਕੋਰੋਨਾ ਦੀ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਇਹ ਵੀ ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਰਕੇ ਲੋਕਸਭਾ ਦਾ ਬਜਟ ਸੈਸ਼ਨ 23 ਮਾਰਚ ਨੂੰ ਮੁਤਲਵੀ ਕਰ ਦਿੱਤਾ ਸੀ।

