ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਉਸ ਦੇ ਗੁਆਂਢੀ ਮੁਲਕ ਅਤੇ ਸਦਾਬਾਹਰ ਦੋਸਤ ਪਾਕਿਸਤਾਨ ਵਿਚ ਵੀ ਪੈਰ ਜਮਾ ਚੁੱਕਿਆ ਹੈ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਛੇ ਹਜ਼ਾਰ ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 100 ਤੋਂ ਵੱਧ ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ।
ਵਰਲਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪਾਕਿਸਤਾਨ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 6505 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 124 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1645 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਵਿਚੋਂ ਸੱਭ ਤੋਂ ਜਿਆਦਾ 3,016 ਮਾਮਲੇ ਸਾਹਮਣੇ ਆ ਚੁੱਕੇ ਹਨ ਉੱਥੇ ਹੀ ਸਿੰਧ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1,688 ਹੋ ਗਈ ਹੈ। ਖੈਬਰ ਪਖਤੂਨਵਾਂ ਵਿਚ ਵੀ ਕੋਰੋਨਾ ਦੇ ਨਵੇਂ 47 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਈ ਹੋਰ ਪ੍ਰਾਤਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ।
ਉੱਥੇ ਹੀ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਦੀਆਂ ਹਲਕੀ ਕੋਸ਼ਿਸ਼ਾਂ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਿਹਤ ਸਲਾਹਕਾਰ ਡਾਕਟਰ ਜਫ਼ਰ ਮਿਰਜਾ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ ਜਿਸ ਤੋਂ ਬਾਅਦ ਪੀਐਮ ਇਮਰਾਨ ਖਾਨ ਨੇ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਅਦਾਲਤ ਦੇ ਸਾਹਮਣੇ ਕੋਰੋਨਾ ਨੂੰ ਲੈ ਕੇ ਚੱਲ ਰਹੇ ਯਤਨਾ ਬਾਰੇ ਸਹੀ ਜਾਣਕਾਰੀ ਨਾ ਦੇਣ ਉੱਤੇ ਲਈ ਮਿਰਜਾ ਨੂੰ ਫਟਕਾਰ ਲਗਾਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਮਰਾਨ ਖਾਨ ਨੂੰ ਜਫ਼ਰ ਮਿਰਜਾ ਨੂੰ ਹਟਾਉਣਾ ਵੱਡਾ ਝਟਕਾ ਹੋਵੇਗਾ ਕਿਉਂਕਿ ਇਸ ਵੇਲੇ ਉਹ ਦੇਸ਼ ਵਿਚ ਕੋਵਿਡ19 ਦੇ ਵਿਰੁੱਧ ਲੜਾਈ ਵਿਚ ਅਗਵਾਈ ਕਰ ਰਹੇ ਹਨ।

