ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਦਿਨ ਪ੍ਰਤੀ ਦਿਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਹੁਣ ਇਹ ਅੰਕੜਾ ਵੱਧ ਕੇ 60 ਹੋ ਗਿਆ ਹੈ। ਭਾਵ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਗਭਗ 60 ਲੋਕਾਂ ‘ਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦਰਅਸਲ ਕੋਰੋਨਾ ਵਾਇਰਸ ਦੇ ਲੱਛਣ ਉਨ੍ਹਾਂ ਲੋਕਾਂ ਵਿਚ ਸੱਭ ਤੋਂ ਜਿਆਦਾ ਪਾਏ ਗਏ ਹਨ ਜੋ ਕਿ ਥੋੜੇ ਸਮੇਂ ਪਹਿਲਾਂ ਦੀ ਵਿਦੇਸ਼ ਤੋਂ ਵਾਪਸ ਪਰਤੇ ਸਨ। ਖਾਸਕਰ ਈਰਾਨ, ਇਟਲੀ ਅਤੇ ਦੁਬਈ ਤੋਂ ਭਾਰਤ ਆਏ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬੀਤੇ ਦਿਨ ਵੀ ਪੁਣੇ ‘ਚ ਦੋ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ ਜਿਨ੍ਹਾਂ ਦੀ ਦੁਬਈ ਤੋਂ ਭਾਰਤ ਵਾਪਸੀ ਹੋਈ ਸੀ। ਦੱਖਣੀ ਭਾਰਤ ਤੋਂ ਲੈ ਕੇ ਉੱਤਰ ਭਾਰਤ ਤੱਕ ਕੋਰੋਨਾ ਵਾਇਰਸ ਨਾਲ ਪੀੜਤ 60 ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਨ੍ਹਾਂ ਦਾ ਆਈਸੋਲੇਸ਼ਨ ਵਾਰਡ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਬੀਤੇ ਦਿਨ ਈਰਾਨ ਤੋਂ 58 ਭਾਰਤੀਆਂ ਦੀ ਵਾਪਸੀ ਹੋਈ ਹੈ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਦੇਸ਼ ਵਾਪਸ ਲਿਆਉਣ ਲਈ ਸਪੈਸ਼ਲ ਪਲੇਨ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨਾਗਰਿਕ ਡਾਕਟਰਾਂ ਦੀ ਨਿਗਰਾਨੀ ਵਿਚ ਰੱਖੇ ਗਏ ਹਨ। ਈਰਾਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 291 ਹੋ ਗਈ ਹੈ ਜਦਕਿ 8 ਹਜਾਰ ਤੋਂ ਜਿਆਦਾ ਲੋਕ ਇਸ ਨਾਲ ਪੀੜਤ ਹਨ। ਉੱਥੇ ਹੀ ਇਟਲੀ ਵਿਚ ਕੋਰੋਨਾ ਵਾਇਰਸ ਨਾਲ 600 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜਦਕਿ ਦੱਸ ਹਜ਼ਾਰ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ। ਗੱਲ ਜੇਕਰ ਚੀਨ ਦੀ ਕਰੀਏ ਤਾਂ ਇੱਥੇ 3100 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋਏ ਹਨ ਅਤੇ 80 ਹਜਾਰ ਤੋਂ ਜਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ।


