ਨਿਰਭਿਆ ਦੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਹੋਇਆ ਜਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲਗਾਤਾਰ ਤਿੰਨ ਡੈੱਥ ਵਾਰੰਟ ਟਲਣ ਤੋਂ ਬਾਅਦ ਅੱਜ ਆਖਰਕਾਰ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਰੁੱਧ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲਗਾਤਾਰ ਤਿੰਨ ਡੈੱਥ ਵਾਰੰਟ ਟਲਣ ਤੋਂ ਬਾਅਦ ਅੱਜ ਆਖਰਕਾਰ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਰੁੱਧ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ ਜਿਸ ਅਧੀਨ ਹੁਣ ਚਾਰੇ ਦੋਸ਼ੀ 20 ਮਾਰਚ ਨੂੰ ਸਵੇਰੇ ਸਾਢੇ 5 ਵਜੇ ਫਾਂਸੀ ਦੇ ਫੰਦੇ ਉੱਤੇ ਲਟਕਾਏ ਜਾਣਗੇ। ਇਸ ਵਾਰ ਨਿਰਭਿਆ ਦੇ ਦੋਸ਼ੀਆਂ ਕੋਲ ਫਾਂਸੀ ਤੋਂ ਬਚਣ ਲਈ ਕੋਈ ਕਾਨੂੰਨੀ ਵਿਕਲਪ ਨਹੀਂ ਬਚਿਆ ਹੈ। ਚਾਰੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਦਾਂਅ ਪੇਚ ਖਤਮ ਹੋ ਚੁੱਕੇ ਹਨ ਜਿਸ ਤੋਂ ਬਾਅਦ ਇਹ ਸਾਫ਼ ਜ਼ਾਹਿਰ ਹੈ ਕਿ ਹੁਣ ਚਾਰੇ ਦੋਸ਼ੀਆਂ ਨੂੰ ਉੱਪਰ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹੈ।

ਦਰਅਸਲ ਇਸ ਤੋਂ ਪਹਿਲਾਂ 3 ਮਾਰਚ ਨੂੰ ਚਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਸੀ। ਜਿਸ ਦੇ ਲਈ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਸੀ  ਪਰ ਐਨ ਮੌਕੇ ਉੱਤੇ ਇਕ ਦੋਸ਼ੀ ਪਵਨ ਗੁਪਤਾ ਨੇ ਆਪਣਾ ਬਚਾ ਹੋਇਆ ਕਾਨੂੰਨੀ ਵਿਕਲਪ ਅਜਮਾਉਂਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਦਇਆ ਪਟੀਸ਼ਨ ਲਗਾ ਦਿੱਤੀ ਸੀ ਜਿਸ ਕਰਕੇ ਸਾਰੇ ਦੋਸ਼ੀਆਂ ਦੀ ਫਾਂਸੀ ਟਾਲਣੀ ਪਈ ਪਰ ਉਸ ਤੋਂ ਬਾਅਦ ਰਾਸ਼ਟਰਪਤੀ ਨੇ ਪਵਨ ਦੀ ਦਇਆ ਪਟੀਸ਼ਨ ਖਾਰਜ਼ ਕਰ ਦਿੱਤੀ ਅਤੇ ਬੀਤੇ ਵੀਰਵਾਰ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਦੋਸ਼ੀਆਂ ਵਿਰੁੱਧ ਨਵਾਂ ਡੈਥ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ  ਜਿਸ ਉੱਤੇ ਅਦਾਲਤ ਨੇ ਚਾਰੇ ਦੋਸ਼ੀਆਂ ਅਤੇ ਉਸ ਦੇ ਵਕੀਲਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਅਤੇ ਭਲਕੇ ਯਾਨੀ ਕਿ ਅੱਜ ਵੀਰਵਾਰ ਨੂੰ ਦੁਪਹਿਰ 2 ਵਜੇ ਇਸ ਮਾਮਲੇ ਉੱਤੇ ਸੁਣਵਾਈ ਕਰਨ ਦਾ ਸਮਾਂ ਮੁਕਰਰ ਕਰ ਦਿੱਤਾ ਸੀ। ਇਸ ਤੋਂ ਬਾਅਦ ਅੱਜ ਹੋਈ ਸੁਣਵਾਈ ਵਿਚ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਨਵੀਂ ਤਰੀਕ ਦੇ ਦਿੱਤੀ ਗਈ ਹੈ। ਨਵਾਂ ਡੈਥ ਵਾਰੰਟ ਜਾਰੀ ਹੋਣ ਤੋਂ ਬਾਅਦ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਵੀ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਅੱਜ ਚਾਰੇ ਦੋਸ਼ੀਆਂ ਵਿਰੁੱਧ ਡੈਥ ਵਾਰੰਟ ਜਾਰੀ ਹੋ ਚੁੱਕਿਆ ਹੈ ਅਤੇ ਉਨ੍ਹਾਂ ਕੋਲ ਹੁਣ ਕੋਈ ਕਾਨੂੰਨੀ ਵਿਕਲਪ ਨਹੀਂ ਬਚਿਆ ਹੈ। ਆਸ਼ਾ ਦੇਵੀ ਨੇ ਅੱਗੇ ਕਿਹਾ ਕਿ ਉਹ ਉਦੋਂ ਤੱਕ ਲੜਦੇ ਰਹਿਣਗੇ ਜਦੋਂ ਤੱਕ ਚਾਰੇ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ।

ਦੱਸ ਦਈਏ ਕਿ ਸਾਲ 2012 ਵਿਚ 16 ਦਸੰਬਰ ਦੀ ਰਾਤ ਨੂੰ ਜਦੋਂ ਨਿਰਭਿਆ ਆਪਣੇ ਦੋਸਤ ਨਾਲ ਇਕ ਬੱਸ ਵਿਚ ਘਰ ਜਾ ਰਹੀ ਸੀ ਤਾਂ ਉੱਥੇ ਮੌਜੂਦ ਛੇ ਲੋਕਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ ਅਤੇ ਇਸ ਘਿਨਉਣੇ ਜ਼ਲਮ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀਆਂ ਨੇ ਨਿਰਭਿਆ ‘ਤੇ ਉਸ ਦੇ ਦੋਸਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਬੱਸ ਤੋਂ ਬਾਹਰ ਸੁੱਟ ਦਿੱਤਾ ਸੀ। 29 ਦਸੰਬਰ ਨੂੰ ਨਿਰਭਿਆ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਧਰਨੇ ਪ੍ਰਦਰਸ਼ਨ ਅਤੇ ਔਰਤਾਂ ਦੀ ਸੁਰੱਖਿਆ ਉੱਤੇ ਸਵਾਲ ਖੜ੍ਹੇ ਹੋਣ ਲੱਗ ਪਏ ਸਨ। ਉੱਧਰ ਨਿਰਭਿਆ ਦੇ ਛੇ ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਏ ਸਨ ਪਰ ਇਨ੍ਹਾਂ ਵਿਚੋਂ ਇਕ ਨਾਬਾਲਗ ਸੀ ਜਿਸ ਨੂੰ ਰਿਹਾਅ ਕਰ ਦਿੱਤਾ ਗਿਆ ਜਦਕਿ ਇਕ ਦੋਸ਼ੀ ਨੇ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ ਅਤੇ ਬਾਕੀ ਦੇ ਚਾਰ ਦੋਸ਼ੀਆਂ ਨੂੰ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਜਿਸ ਤਹਿਤ ਹੁਣ 20 ਮਾਰਚ ਨੂੰ ਚਾਰੇ ਦੋਸ਼ੀ ਫਾਂਸੀ ਦੇ ਫੰਦੇ ਉੱਤੇ ਲਟਕਾਏ ਜਾਣਗੇ।

Leave a Reply

Your email address will not be published. Required fields are marked *