ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ 3000 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਕੋਰੋਨਾ ਵਾਇਸਰਸ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਆਪਣੇ ਪੈਰ ਪਸਾਰ ਲਏ ਹਨ। ਹੁਣ ਤਾਂ ਭਾਰਤ ਵਿਚ ਵੀ ਇਸ ਵਾਇਰਸ ਦਾ ਅਸਰ ਦਿਖਾਈ ਦੇਣ ਲੱਗਿਆ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ 29 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਦੇਸ਼ ਦੇ ਏਅਰਪੋਰਟਾਂ ਤੋਂ ਲੈ ਕੇ ਹਸਪਤਾਲਾਂ ਤੱਕ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਕੋਰੋਨਾ ਵਾਇਰਸ ਕੀ ਹੈ ਅਤੇ ਇਸ ਦੇ ਲੱਛਣ ਕੀ ਹਨ?
ਕੋਰੋਨਾ ਵਾਇਰਸ ਇਕ ਅਜਿਹਾ ਵਾਇਰਸ ਹੈ ਜਿਸ ਦੀ ਲਾਗ ਲੱਗਣ ਨਾਲ ਸਾਂਹ ਲੈਣ ਵਿਚ ਪਰੇਸ਼ਾਨੀ,ਬੁਖਾਰ,ਜ਼ੁਖਾਮ, ਨੱਕ ਵਿਚੋਂ ਪਾਣੀ ਆਉਣਾ ਅਤੇ ਗਲਾ ਖਰਾਬ ਹੋਣ ਵਰਗੀ ਦਿੱਕਤਾ ਆਉਂਦੀਆਂ ਹਨ। ਇਹ ਸੱਭ ਦਿੱਕਤਾਂ ਕੋਰੋਨਾ ਵਾਇਰਸ ਦੇ ਲੱਛਣ ਹੁੰਦੇ ਹਨ। ਇਸ ਵਾਇਰਸ ਦੀ ਵੱਡੀ ਗੱਲ ਇਹ ਹੈ ਕਿ ਇਹ ਬੜੀ ਤੇਜ਼ੀ ਨਾਲ ਫੈਲਦਾ ਹੈ। ਜੇਕਰ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਦੇ ਕੋਈ ਹੋਰ ਦੂਜਾ ਵਿਅਕਤੀ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗ ਜਾਂਦੀ ਹੈ। ਇਹੀਂ ਕਾਰਨ ਹੈ ਕਿ ਕੋਰੋਨਾ ਵਾਇਰਸ ਤੋਂ ਬੱਚਣ ਲਈ ਸਰਕਾਰ ਦੁਆਰਾ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾਈ ਰੱਖਣਾ, ਉਸ ਨਾਲ ਹੱਥ ਨਾ ਮਿਲਾਉਣਾ, ਕੋਰੋਨਾ ਦੇ ਮਰੀਜ਼ ਕੋਲ ਇਸ ਵਾਇਰਸ ਤੋਂ ਬਚਣ ਲਈ ਪਾਏ ਜਾਣ ਵਾਲੇ ਕੱਪੜੇ ਅਤੇ ਪਹਿਣੇ ਜਾਣ ਵਾਲੇ ਮਾਸਕ ਦੀ ਵਰਤੋਂ ਕਰਨਾ ਆਦਿ ਸ਼ਾਮਲ ਹੈ। ਅਜਿਹੇ ਤਰੀਕੇ ਨਾਲ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ। ਉੱਥੇ ਹੀ ਜੇਕਰ ਪਬਲੀਕ ਏਰੀਆ ਵਿਚ ਕੋਈ ਵਿਅਕਤੀ ਛਿੱਕਦਾ ਹੈ ਜਾਂ ਉਸ ਨੂੰ ਜ਼ੁਖਾਮ ਹੈ ਤਾਂ ਉਸ ਤੋਂ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ।
ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਿਪਟਣ ਲਈ ਅਜੇ ਤੱਕ ਕੋਈ ਵੈਕਸੀਨ ਤਿਆਰ ਨਹੀਂ ਹੋ ਪਾਈ ਹੈ। ਇਸ ਦੇ ਲਈ ਦੁਨੀਆਂ ਭਰ ਦੇ ਦੇਸ਼ ਰਿਸਰਚ ਵਿਚ ਲੱਗੇ ਹੋਏ ਹਨ ਤਾਂ ਜੋ ਇਸ ਵਾਇਰਸ ਦਾ ਪੱਕਾ ਇਲਾਜ ਕੱਢਿਆ ਜਾ ਸਕੇ। ਦੱਸ ਦਈਏ ਕਿ ਕੋਰੋਨਾ ਵਾਇਸ ਦੀ ਸ਼ੁਰੂਆਤ ਚੀਨ ਦੇ ਹੁਬੇਈ ਪ੍ਰਾਂਤ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਜਿਸ ਤੋਂ ਬਾਅਦ ਇਹ ਹੁਣ ਤੱਕ 72 ਦੇਸ਼ਾਂ ਵਿਚ ਫੈਲ ਚੁੱਕਿਆ ਹੈ।


