ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵਾਪਰੀ ਹਿੰਸਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਜਾਣਕਾਰੀ ਇਹ ਮਿਲੀ ਹੈ ਕਿ ਇਸ ਹਿੰਸਾਂ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 42 ਹੋ ਚੁੱਕੀ ਹੈ ਜੋ ਕਿ ਕਾਫੀ ਚਿੰਤਾਜਨਕ ਹੈ। ਉੱਥੇ ਜਖਮੀਆਂ ਦੀ ਸੰਖਿਆ 270 ਤੋਂ ਵੱਧ ਦੱਸੀ ਜਾ ਰਹੀ ਹੈ ਜੋ ਕਿ ਹਸਪਤਾਲਾਂ ਵਿਚ ਜੇਰੇ ਇਲਾਜ ਹਨ।
ਹਿੰਸਾ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਏ ਉੱਤਰ-ਪੂਰਬੀ ਇਲਾਕਿਆਂ ਵਿਚ ਸੁਰੱਖਿਆ ਬਲ ਵੱਡੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਹਨ ਤਾਂ ਜੋ ਹੁਣ ਕਿਸੇ ਤਰ੍ਹਾ ਦੀ ਅਣਸੁਖਾਵੀ ਘਟਨਾ ਨਾ ਵਾਪਰੇ। ਪੁਲਿਸ ਨੇ ਇਸ ਮਾਮਲੇ ਵਿਚ ਲਗਭਗ 100 ਤੋਂ ਜਿਆਦਾ ਕੇਸ ਦਰਜ ਕੀਤੇ ਹੈ। ਇਸ ਹਿੰਸਾ ਵਿਚ ਲੋਕਾਂ ਦੀਆਂ ਦੁਕਾਨਾਂ, ਘਰ ਅਤੇ ਵਾਹਨ ਸੜ ਕੇ ਰਾਖ ਹੋ ਗਏ ਹਨ। ਆਮ ਲੋਕਾਂ ਦੇ ਕਾਰੋਬਰਾਂ ਨੂੰ ਵੱਡੀ ਸੱਟ ਲੱਗੀ ਹੈ। ਰਾਜਧਾਨੀ ਵਿਚ ਸ਼ਾਂਤੀ ਪੂਰੀ ਤਰ੍ਹਾ ਕਾਇਮ ਕਰਨ ਲਈ 7 ਹਜ਼ਾਰ ਤੋਂ ਵੱਧ ਅਰਧਸੈਨਿਕ ਤਾਇਨਾਤ ਕੀਤੇ ਗਏ ਹਨ ਅਤੇ ਲੋਕਾਂ ਵਿਚ ਤਣਾਅ ਦਾ ਮਾਹੌਲ ਖਤਮ ਕਰਨ ਦੀਆਂ ਕੋਸ਼ਿਸ਼ਾ ਜਾਰੀ ਹਨ।
ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 60 ਘੰਟਿਆਂ ਤੋਂ ਕੋਈ ਵੀ ਹਿੰਸਕ ਘਟਨਾ ਨਹੀਂ ਘਟੀ ਹੈ ਅਤੇ ਲੋਕਾਂ ਵਿਚ ਪਹਿਲਾਂ ਵਰਗੀ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਡ੍ਰੋਨ ਰਾਹੀਂ ਵੀ ਹਰੇਕ ਥਾਂ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਕ੍ਰਾਇਮ ਬ੍ਰਰਾਂਚ ਹਿੰਸਕ ਘਟਨਾਵਾਂ ਦੀ ਜਾਂਚ ਵਿਚ ਜੁੱਟ ਗਈ ਹੈ।
ਹਿੰਸਾ ਤੋਂ ਬਾਅਦ ਰਾਜਨੀਤੀ ਵੀ ਆਪਣੀ ਚਰਮ ਸੀਮਾ ਉੱਤੇ ਹੈ ਜਿੱਥੇ ਇਕ ਪਾਸੇ ਸੋਨੀਆ ਗਾਂਧੀ ਨੇ ਹਿੰਸਾ ਪਿੱਛੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਸੀ ਉੱਥੇ ਹੀ ਹੁਣ ਮੋਦੀ ਸਰਕਾਰ ਵਿਚ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਸੋਨੀਆ ਗਾਂਧੀ ਉੱਤੇ ਨਿਸ਼ਾਨਾ ਲਗਾਉਂਦਿਆ ਕਿਹਾ ਹੈ ਕਿ ਕਾਂਗਰਸ ਪਾਰਟੀ ਰਾਜ ਧਰਮ ਦੇ ਨਾਮ ਉੱਤੇ ਲੋਕਾਂ ਨੂੰ ਭੜਕਾਉਣ ਦਾ ਕੰਮ ਨਾ ਕਰੇ ਉਨ੍ਹਾਂ ਇਹ ਵੀ ਕਿਹਾ ਕਿ ਸੋਨੀਆ ਗਾਂਧੀ ਨੇ ਰਾਮਲੀਲਾ ਮੈਦਾਨ ਵਿਚ ਭੜਕਾਊ ਬਿਆਨ ਦਿੱਤੇ ਸਨ।
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਸਮੱਰਥਨ ਅਤੇ ਵਿਰੋਧ ਕਰ ਰਹੇ ਦੋ ਗੁੱਟਾਂ ਵਿਚਾਲੇ ਆਪਸੀ ਝੜਪ ਹੋ ਗਈ ਸੀ ਜਿਸ ਨੇ ਕਿ ਬਾਅਦ ਵਿਚ ਭਿਆਨਕ ਹਿੰਸਾ ਦਾ ਰੂਪ ਲੈ ਲਿਆ ਸੀ


