ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਵਿਖੇ ਪੁਲਿਸ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਦਰਅਸਲ ਆਨਲਾਈਨ ਕਾਰ ਖਰੀਦਣ ਦੇ ਮਾਮਲੇ ਵਿਚ ਗਿਰਫ਼ਤਾਰ ਇਕ ਵਿਅਕਤੀ ਦੀ ਸੈਂਟ੍ਰਲ ਜੇਲ੍ਹ ਵਿਚ ਮੌਤ ਹੋ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਉਸ ਨੂੰ ਹਿਰਾਸਤ ਵਿਚ ਰੱਖ ਕੇ ਮਾਰ-ਕੁੱਟ ਕਰਨ ਦੇ ਆਰੋਪ ਲਗਾਏ ਹਨ ਅਤੇ ਆਰੋਪੀ ਪੁਲਿਸ ਮੁਲਾਜ਼ਮਾਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦਰਅਸਲ ਪੀੜਤ ਪਰਿਵਾਰ ਦਾ ਆਰੋਪ ਹੈ ਕਿ ਮ੍ਰਿਤਕ ਦੀਪਕ ਸ਼ੁਕਲਾ ਨੇ ਇਕ ਆਨਲਾਈਨ ਵੈਬ ਸਾਈਟ ਰਾਹੀਂ ਕਾਰ ਖਰੀਦ ਕੇ ਅੱਗੇ ਵੇਚ ਦਿੱਤੀ ਸੀ ਪਰ ਜਦੋਂ ਪੁਲਿਸ ਨੇ ਉਹ ਕਾਰ ਫੜੀ ਤਾਂ ਪਿਛਲੀ 15 ਫਰਵਰੀ ਨੂੰ ਦੀਪਕ ਸ਼ੁਕਲਾ ਨੂੰ ਥਾਣੇ ਬੁਲਾਇਆ ਗਿਆ ਤੇ ਕਿਹਾ ਗਿਆ ਕਿ ਇਹ ਕਾਰ ਚੋਰੀ ਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਦੀਪਕ ਨੂੰ ਸੱਤ ਦਿਨ ਭਾਵ 21 ਫਰਵਰੀ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਰੱਖ ਕੇ ਟਾਰਚਰ ਕੀਤਾ ਗਿਆ ਅਤੇ 22 ਫਰਵਰੀ ਨੂੰ ਕੋਰਟ ਵਿਚ ਪੇਸ਼ ਕੀਤਾ। ਕੋਰਟ ਨੇ ਦੀਪਕ ਦਾ ਦੋ ਦਿਨ ਪੁਲਿਸ ਰਿਮਾਂਡ ਦਿੱਤਾ ਅਤੇ 24 ਫਰਵਰੀ ਨੂੰ ਫਿਰ ਪੁਲਿਸ ਨੇ ਦੀਪਕ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ। ਪਰਿਵਾਰ ਨੇ ਦੱਸਿਆ ਕਿ ਪੁਲਿਸ ਦੀਪਕ ਨੂੰ ਜੇਲ੍ਹ ਨਹੀਂ ਲੈ ਕੇ ਗਈ ਬਲਕਿ ਥਾਣ ਲੈ ਆਈ ਅਤੇ ਫਿਰ ਉਸ ਨੂੰ ਕੁੱਟਿਆ ਗਿਆ। ਪਰਿਵਾਰ ਨੇ ਆਰੋਪ ਲਗਾਇਆ ਕਿ ਦੀਪਕ ਨੂੰ ਅਧਮਰਾ ਕਰਕੇ ਪੁਲਿਸ 25 ਫਰਵਰੀ ਨੂੰ ਜੇਲ੍ਹ ਵਿਚ ਲੈ ਗਈ ਅਤੇ ਜਦੋਂ ਪਰਿਵਾਰ ਦੇ ਮੈਂਬਰ 26 ਫਰਵਰੀ ਨੂੰ ਉਨ੍ਹਾਂ ਨੂੰ ਜੇਲ੍ਹ ਵਿਚ ਮਿਲਣ ਗਏ ਤਾਂ ਉਹ ਖੂਨ ਦੀਆਂ ਉਲਟੀਆਂ ਕਰ ਰਿਹਾ ਸੀ ਅਤੇ ਫਿਰ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀਪਕ ਸ਼ੁਕਲਾ ਦੀ ਉਮਰ 26 ਸਾਲ ਸੀ ਅਤੇ ਉਹ ਫਾਈਨੈਂਸ ਕੰਪਨੀ ਵਿਚ ਮੈਨੇਜਰ ਸੀ। ਦੀਪਕ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਪ੍ਰੀਤੀ ਨਾਮ ਦੀ ਲੜਕੀ ਨਾਲ ਹੋਇਆ ਸੀ। ਦੀਪਕ ਦੀ ਜੇਲ੍ਹ ਵਿਚ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾ ਨੇ ਸੀਪੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਡਿਵਿਜ਼ਨ 5 ਦੀ ਐਸਐਚਓ ਰੀਚਾ ਰਾਣੀ, ਚੌਕੀ ਇੰਚਾਰਜ ਏਐਸਆਈ ਜਸਕਰਨ ਸਿੰਘ ਅਤੇ ਦੋ ਹੋਰ ਮੁਲਾਜ਼ਮਾ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਮ੍ਰਿਤਕ ਦੀਪਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਜਿੱਥੇ ਉਨ੍ਹਾਂ ਦਾਲ ਪੋਸਮਾਰਟਮ ਕੀਤਾ ਗਿਆ ਹੈ।
ਉੱਧਰ ਇਸ ਪੂਰੇ ਮਾਮਲੇ ਉੱਤੇ ਸੀਪੀ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਮੈਜੀਸਟ੍ਰੇਟ ਜਾਂਚ ਚੱਲ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


