ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਪਟਿਆਲਾ ਦੇ ਵਿਚ ਕਿੰਨਰਾ ਦੇ ਆਪਸ ‘ਚ ਭੀੜਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੌਰਾਨ ਕਈ ਕਿੰਨਰ ਜਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਦੋ ਕਿੰਨਰਾਂ ਦੇ ਗੁੱਟ ਵਿਚ ਵਧਾਈ ਲੈਣ ਨੂੰ ਲੈ ਕੇ ਹੋਇਆ ਅਤੇ ਇਸੇ ਦੌਰਾਨ ਉਹ ਆਪਸ ਵਿਚ ਭੀੜ ਗਏ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਆਨੰਦ ਨਗਰ ਵਿਚ ਦੁਪਹਿਰ 12 ਵਜੇ ਦੇ ਕਰੀਬ ਕੁੱਝ ਕਿੰਨਰ ਵਿਆਹ ਵਾਲੇ ਘਰ ਵਧਾਈ ਲੈਣ ਗਏ ਸਨ ਪਰ ਉਸੇ ਦੌਰਾਨ ਉੱਥੇ ਹੋਰ ਦੂਜੇ ਕਿੰਨਰ ਪਹੁੰਚੇ ਗਏ ਅਤੇ ਦੋਵਾਂ ਕਿੰਨਰਾ ਦੇ ਗੁੱਟ ਦੀ ਆਪਸ ‘ਚ ਝੜਪ ਹੋ ਗਈ ਜਿਸ ਦੌਰਾਨ 4 ਕਿੰਨਰ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਮਹਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਖ਼ਮੀ ਕਿੰਨਰਾ ਦਾ ਆਰੋਪ ਹੈ ਕਿ ਉਹ ਕਿਸੇ ਦੇ ਘਰ ਵਧਾਈ ਲੈਣ ਗਏ ਸਨ ਅਤੇ ਉਦੋਂ ਹੀ 10-15 ਲੜਕੇ ਨਕਲੀ ਕਿੰਨਰ ਬਣ ਕੇ ਗੱਡੀਆ ਵਿਚ ਆ ਗਏ ਅਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਨਕਲੀ ਕਿੰਨਰਾ ਨੇ ਉਨ੍ਹਾਂ ਉੱਤੇ ਹਮਲਾ ਕੀਤਾ। ਕਿੰਨਰਾ ਮੁਤਾਬਕ ਨਕਲੀ ਕਿੰਨਰਾ ਦੇ ਭੇਸ ਵਿਚ ਆਏ ਲੜਕਿਆਂ ਨੇ ਉਨ੍ਹਾਂ ਉੱਤੇ ਚਾਕੂ ਅਤੇ ਡੰਡਿਆ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਕਿੰਨਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤੇਜ਼ਾਬ ਸੁੱਟਣ ਅਤੇ ਮਰਵਾਉਣ ਤੱਕ ਦੀਆਂ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਕਰਦਿਆ ਕਿਹਾ ਹੈ ਕਿ ਇਨ੍ਹਾਂ ਨਕਲੀ ਕਿੰਨਰਾ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ ਕਿਉਂਕਿ ਇਨ੍ਹਾਂ ਕਰਕੇ ਉਨ੍ਹਾਂ ਦੀ ਵੀ ਬਦਨਾਮੀ ਹੁੰਦੀ ਹੈ।
ਉੱਥੇ ਹੀ ਦੂਜੇ ਗੁੱਟ ਦੇ ਕਿੰਨਰਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਝਗੜਾ ਨਹੀਂ ਕੀਤਾ ਹੈ ਅਤੇ ਵਧਾਈ ਲੈਣ ਅਸੀ ਗਏ ਸਨ ਉਸੇ ਦੌਰਾਨ ਉਹ ਜ਼ਬਰਦਸਤੀ ਉੱਥੇ ਦਾਖਲ ਹੋ ਗਏ ਅਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾਂ ਵੀ ਸਾਨੂੰ ਧਮਕੀਆਂ ਦੇ ਚੁੱਕੇ ਹਨ ਅਤੇ ਅੱਜ ਸਾਡੇ ਉੱਤੇ ਹਮਲਾ ਕੀਤਾ ਹੈ।



