ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨੇ ਮੰਗਲਵਾਰ ਨੂੰ 28 ਵੇਂ ਆਰਮੀ ਚੀਫ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਉਹ ਜਨਰਲ ਬਿਪਿਨ ਰਾਵਤ ਦੀ ਥਾਂ ਲੈਣਗੇ, ਜੋ ਆਪਣੇ ਮੁੱਖ ਅਹੁਦੇ ਤੋਂ 3 ਸਾਲ ਦੇ ਕਾਰਜਕਾਲ ਤੋਂ ਬਾਅਦ ਮੰਗਲਵਾਰ ਨੂੰ ਸੇਵਾਮੁਕਤ ਹੋਣਗੇ। ਲੈਫਟੀਨੈਂਟ ਜਨਰਲ ਨਰਵਾਨੇ ਇਸ ਸਮੇਂ ਸੈਨਾ ਦੇ ਡਿਪਟੀ ਚੀਫ਼ ਹਨ। ਨਰਵਾਨੇ 31 ਦਸੰਬਰ ਨੂੰ 13 ਲੱਖ ਦੀ ਸਮਰੱਥਾ ਵਾਲੀ ਭਾਰਤੀ ਸੈਨਾ ਦੇ ਆਰਮੀ ਚੀਫ ਦੀ ਕਮਾਨ ਸੰਭਾਲਣਗੇ।
ਮਨੋਜ ਮੁਕੰਦ ਨਰਵਾਨੇ ਦੀ ਨਿਯੁਕਤੀ ਨਾਲ ਤਿੰਨੋ ਸੈਨਾਵਾਂ ਦੇ ਮੁਖੀ ਐਨਡੀਏ ਦੇ ਬੈਚਮੈਟ ਬਣ ਜਾਣਗੇ। ਮਨੋਜ ਮੁਕੰਦ ਨਰਵਾਨੇ, ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਅਤੇ ਨੌ ਸੈਨਾ ਦੇ ਪ੍ਰਧਾਨ ਕਰਮਬੀਰ ਸਿੰਘ ਨੇ 1976 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਤੋਂ ਇਕੱਠੇ ਆਪਣਾ 56 ਵਾਂ ਕੋਰਸ ਪੂਰਾ ਕੀਤਾ ਸੀ। ਭਾਰਤੀ ਸੈਨਾ ਦੇ ਇਤਿਹਾਸ ਵਿੱਚ ਇਹ ਦੂਜਾ ਮੌਕਾ ਹੈ, ਜਦੋਂ ਤਿੰਨਾਂ ਸੈਨਾਵਾਂ ਦੇ ਮੁਖੀ ਐਨਡੀਏ ਦੇ ਇਕੋ ਸਮੂਹ ਦੇ ਕੈਡੇਟ ਹੋਣਗੇ।
ਇਸ ਤੋਂ ਪਹਿਲਾਂ 1991 ਵਿੱਚ ਤਤਕਾਲੀ ਫੌਜ ਮੁਖੀ ਸੁਨੀਤ ਫ੍ਰਾਂਸਿਸ ਰੌਡਰਿਗਜ਼, ਨੌ ਸੈਨਾ ਦੇ ਚੀਫ਼ ਐਡਮਿਰਲ ਲਕਸ਼ਮੀ ਨਰਾਇਣ ਰਾਮਦਾਸ ਅਤੇ ਏਅਰ ਚੀਫ ਮਾਰਸ਼ਲ ਨਿਰਮਲ ਚੰਦਰ ਸੂਰੀ ਨੇ ਤਿੰਨੋਂ ਬਲਾਂ ਦੀ ਅਗਵਾਈ ਕੀਤੀ ਸੀ, ਜਿਨ੍ਹਾਂ ਇਕੱਠੇ ਐਨਡੀਏ ਦਾ ਕੋਰਸ ਕੀਤਾ ਸੀ।ਲੈਫਟੀਨੈਂਟ ਜਨਰਲ ਨਰਵਾਨੇ ਭਾਰਤੀ ਥਲ ਸੈਨਾ ਦੇ 13ਵੇਂ ਆਰਮੀ ਚੀਫ ਹੋਣਗੇ, ਜਿਨ੍ਹਾਂ ਨੇ ਐਨਡੀਏ ਤੋਂ ਕੋਰਸ ਕੀਤਾ ਹੈ। ਇਸ ਤੋਂ ਇਲਾਵਾ ਐਨਡੀਏ ਤੋਂ ਪੜ੍ਹ ਚੁੱਕੇ 11 ਕੈਡਿਟਾਂ ਨੇ ਜਲ ਸੈਨਾ ਅਤੇ ਏਅਰਫੋਰਸਦੀ ਕਮਾਂਡ ਸੰਭਾਲ ਚੁੱਕੇ ਹਨ। ਬਾਕੀ ਸੈਨਾ ਮੁਖੀਆਂ ਨੇ ਇੰਡੀਅਨ ਮਿਲਟਰੀ ਅਕੈਡਮੀ, ਏਅਰ ਫੋਰਸ ਅਕੈਡਮੀ ਅਤੇ ਏਅਰਫੋਰਸ ਅਕੈਡਮੀ ਵਿੱਚ ਪੜ੍ਹਾਈ ਕੀਤੀ ਹੈ।
ਨਰਵਾਣੇ ਦੀ ਨਿਯੁਕਤੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅੱਤਵਾਦੀ ਗਤੀਵਿਧੀਆਂ ਅਤੇ ਇਸਲਾਮਾਬਾਦ ਦੀ ਭੜਾਸ ਕੱਢਣ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧ ਤਣਾਅਪੂਰਨ ਹਨ। ਲੈਫਟੀਨੈਂਟ ਜਨਰਲ ਨਰਵਾਨੇ ਇਸ ਸਾਲ ਸਤੰਬਰ ਵਿੱਚ ਸੈਨਾ ਦੇ ਡਿਪਟੀ ਚੀਫ਼ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਫੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ। ਇਹ ਸੈਨਾ ਦੀ ਕਮਾਂਡ ਚੀਨ ਨਾਲ ਲੱਗਦੀ 4000 ਕਿਲੋਮੀਟਰ ਲੰਮੀ ਸਰਹੱਦ ਦੀ ਰੱਖਿਆ ਕਰਦੀ ਹੈ।
ਆਪਣੇ 37 ਸਾਲਾਂ ਦੀ ਸੇਵਾ ਵਿੱਚ, ਨਰਵਾਨੇ ਨੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਸ਼ਾਂਤੀ ਰੱਖਿਅਕ, ਅੱਤਵਾਦ ਵਿਰੋਧੀ ਅਤੇ ਵਿਦਰੋਹ ਦੀਆਂ ਕਾਰਵਾਈਆਂ ਵਿੱਚ ਕਈ ਕਮਾਂਡਾਂ ਦੀ ਅਗਵਾਈ ਕੀਤੀ। ਉਨ੍ਹਾਂ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਰਾਈਫਲਜ਼ ਬਟਾਲੀਅਨ ਅਤੇ ਪੂਰਬੀ ਫਰੰਟ ਉੱਤੇ ਇਨਫੈਂਟਰੀ ਬ੍ਰਿਗੇਡ ਦੀ ਅਗਵਾਈ ਵੀ ਕੀਤੀ। ਲੈਫਟੀਨੈਂਟ ਜਨਰਲ ਨਰਵਾਨੇ ਸ਼੍ਰੀਲੰਕਾ ਭੇਜੀ ਗਈ ਭਾਰਤੀ ਸ਼ਾਂਤੀ ਫੋਰਸ ਦਾ ਹਿੱਸਾ ਵੀ ਰਹਿ ਚੁੱਕੇ ਹਨ।
ਮਨੋਜ ਮੁਕੰਦ ਨਰਵਾਨੇ ਦੀ ਹੁਣ ਤੱਕ ਦੀ ਪ੍ਰਾਪਤੀਆਂ
ਨਰਵਾਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਜੂਨ 1980 ਵਿੱਚ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੀ 7ਵੀਂ ਬਟਾਲੀਅਨ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਵਿੱਚ ਆਪਣੀ ਬਟਾਲੀਅਨ ਦੀ ਸਫਲਤਾਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਲਈ ਉਨ੍ਹਾਂ ਨੂੰ ਸਰਵਿਸ ਮੈਡਲ ਨਾਲ ਸਨਮਾਨਤ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਨਾਗਾਲੈਂਡ ਵਿੱਚ ਅਸਾਮ ਰਾਈਫਲਜ਼ (ਉੱਤਰ) ਦੇ ਇੰਸਪੈਕਟਰ ਜਨਰਲ ਵਜੋਂ ਸੇਵਾਵਾਂ ਨਿਭਾਉਣ ਵਾਲੇ ਸਰਵਿਸ ਮੈਡਲ ਅਤੇ ਡਿਸਟਿੰਗੂਇਸ਼ਿਡ ਸਰਵਿਸ ਮੈਡਲ ਨਾਲ ਵੀ ਨਵਾਜਿਆ ਗਿਆ ਹੈ।



