ਮੋਹਾਲੀ: ਮੁਹਾਲੀ ਅਦਾਲਤ ਨੇ ਪੰਜਾਬ ਪੁਲੀਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਰਾਜਜੀਤ ਸਿੰਘ ਨਸ਼ਿਆਂ ਦੀ ਤਸਕਰੀ, ਫਿਰੌਤੀ ਅਤੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮਾਰਚ ਮਹੀਨੇ ਤੋਂ ਫਰਾਰ ਹੈ। ਸਪੈਸ਼ਲ ਟਾਸਕ ਫੋਰਸ ਉਸ ਦੀ ਭਾਲ ਵਿਚ ਹੁਣ ਤੱਕ 600 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕਰ ਚੁੱਕੀ ਹੈ। ਰਾਜਜੀਤ ਨੂੰ ਹਾਈਕੋਰਟ ਤੋਂ ਵੀ ਝਟਕਾ ਲੱਗ ਚੁੱਕਾ ਹੈ।
ਰਾਜਜੀਤ ਸਿੰਘ ਹੁੰਦਲ ਨੂੰ ਕੀਤਾ ਸੀ ਬਰਖਾਸਤ
ਪੰਜਾਬ ਵਿੱਚ ਬਹੁ-ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ ਸੀਲਬੰਦ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ ਰਾਜਜੀਤ ਸਿੰਘ ਹੁੰਦਲ ਨੂੰ ਬਰਖਾਸਤ ਕਰ ਦਿੱਤਾ ਸੀ। ਉਦੋਂ ਤੋਂ ਰਾਜਜੀਤ ਸਿੰਘ ਫਰਾਰ ਹੈ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਦੀ ਜਾਂਚ ਲਈ 2017 ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ।
SIT ਨੇ ਹਾਈ ਕੋਰਟ ਵਿੱਚ ਚਾਰ ਸੀਲਬੰਦ ਰਿਪੋਰਟਾਂ ਦਾਇਰ
ਜਾਂਚ ਤੋਂ ਬਾਅਦ ਐਸਆਈਟੀ ਨੇ ਹਾਈ ਕੋਰਟ ਵਿੱਚ ਚਾਰ ਸੀਲਬੰਦ ਰਿਪੋਰਟਾਂ ਦਾਇਰ ਕੀਤੀਆਂ। ਇਨ੍ਹਾਂ ਵਿੱਚੋਂ ਤਿੰਨ ਰਿਪੋਰਟਾਂ ਹਾਈ ਕੋਰਟ ਨੇ ਖੋਲ੍ਹ ਕੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਭੇਜ ਦਿੱਤੀਆਂ ਸਨ। ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਏਆਈਜੀ ਰਾਜਜੀਤ ਸਿੰਘ ਹੁੰਦਲ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।



