ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Former Prime Minister of Pakistan Nawaz Sharif) ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹ ਇਸ ਵੇਲੇ ਲੰਡਨ ਵਿਚ ਰਹਿ ਰਹੇ ਹਨ। ਫਿਲਹਾਲ ਉਹ ਹਮਲੇ ਵਿਚ ਬਚ ਗਏ ਅਤੇ ਉਨ੍ਹਾਂ ਦਾ ਸੁਰੱਖਿਆ ਗਾਰਡ (Security guard) ਇਸ ਹਮਲੇ ਵਿਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ (Imran Khan) ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (Pakistan Tehreek-e-Insaf) ਦੇ ਇਕ ਵਰਕਰ ਵਲੋਂ ਹਮਲਾ ਕੀਤੇ ਜਾਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਨਵਾਜ਼ ਸ਼ਰੀਫ ਦਾ ਗਾਰਡ ਜ਼ਖਮੀ ਹੋ ਗਿਆ। ਯੂ.ਕੇ. ਪੁਲਿਸ ਮੁਲਜ਼ਮ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਾਕਿਸਤਾਨ ਦੇ ਇਕ ਪੱਤਰਕਾਰ ਨੇ ਜਾਣਕਾਰੀ ਦਿੱਤੀ ਹੈ। ਪਾਕਿਸਤਾਨੀ ਪੱਤਰਕਾਰ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਮੌਜੂਦਾ ਪਾਕਿਸਤਾਨੀ ਪੀ.ਐੱਮ. ਇਮਰਾਨ ਖਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਵਰਕਰ ਨੇ ਹਮਲਾ ਕਰ ਦਿੱਤਾ।
ਪਾਕਿਸਤਾਨ ਸਥਿਤ ਡਿਜੀਟਲ ਮੀਡੀਆ, ਫੈਕਟ ਫੋਕਸ ਨਾਲ ਜੁੜੇ ਪੱਤਰਕਾਰ ਅਹਿਮਦ ਨੂਰਾਨੀ ਨੇ ਟਵਿੱਟਰ ‘ਤੇ ਲਿਖਿਆ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਲੰਡਨ ਵਿਚ ਇਕ ਪੀ.ਟੀ.ਆਈ. ਵਰਕਰ ਨੇ ਹਮਲਾ ਕੀਤਾ ਹੈ। ਪਾਕਿਸਤਾਨ ਵਿਚ ਪੀ.ਟੀ.ਆਈ. ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਪਾਰਟੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਰੀਰਕ ਹਿੰਸਾ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ ਹੈ। ਪੀ.ਟੀ.ਆਈ. ਨੂੰ ਹੁਣ ਇਕ ਉਦਾਹਰਣ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਹਮਲੇ ਵਿਚ ਸ਼ਰੀਫ ਦਾ ਗਾਰਡ ਜ਼ਖਮੀ ਹੋ ਗਿਆ ਹੈ। ਬ੍ਰਿਟੇਨ ਵਿਚ ਅਪਰਾਧੀਆਂ ਦੀ ਗ੍ਰਿਫਤਾਰੀ ਯਕੀਨੀ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਐਤਵਾਰ ਨੂੰ ਨੈਸ਼ਨਲ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਹੁਮਤ ਸਾਬਿਤ ਕਰਨਾ ਹੈ। ਵਿਰੋਧੀ ਧਿਰ ਨੇ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਬੇ ਕਰਨ ਲਈ ਬੇਭਰੋਸਗੀ ਮਤਾ ਲਿਆਂਦਾ ਹੋਇਆ ਹੈ। ਬੇਭਰੋਸਗੀ ਮਤਾ ਸੰਸਦ ਵਿਚ ਪੇਸ਼ ਹੋਣ ਤੋਂ ਬਾਅਦ ਇਮਰਾਨ ਖਾਨ ਦੀਆਂ ਸਹਿਯੋਗੀ ਪਾਰਟੀਆਂ ਵੀ ਉਨ੍ਹਾਂ ਦਾ ਸਾਥ ਛੱਡ ਚੁੱਕੀਆਂ ਹਨ।
