ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਫਿਲਮ ‘ਅਮਰ ਸਿੰਘ ਚਮਕੀਲਾ’ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਇਸ ਸਾਲ ਦੀਆਂ ਬੇਸਬਰੀ ਨਾਲ ਉਡੀਕੀਆਂ ਜਾ ਰਹੀਆਂ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਪੰਜਾਬ ਦੇ ਅਸਲੀ ਰੌਕ ਸਟਾਰ ਤੇ ਸਭ ਤੋਂ ਵੱਧ ਰਿਕਾਰਡ ਵਿਕਣ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਹ ਫਿਲਮ ਉਨ੍ਹਾਂ ਦੀ ਅਸਲ ਜ਼ਿੰਦਗੀ ਉਤੇ ਫਿਲਮਾਈ ਗਈ ਹੈ। ਫਿਲਮ ‘ਚ ਇਹ ਦੇਖਿਆ ਜਾਵੇਗਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਗਰੀਬੀ ‘ਚੋਂ ਨਿਕਲ ਕੇ ਆਪਣੇ ਸਮੇਂ ‘ਚ ਨਾਂ ਕਮਾਇਆ ਪਰ ਫਿਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।
ਦੇਖੋ ਟਰੇਲਰ ਵਿਚ ਦਿਲਜੀਤ ਤੇ ਪਰਿਣੀਤੀ ਦਾ ਖਾਸ ਅੰਦਾਜ਼
ਪਰਿਣੀਤੀ-ਦਿਲਜੀਤ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਦਾ ਟ੍ਰੇਲਰ ਅੱਜ 28 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। 2 ਮਿੰਟ 37 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਖਾਸ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਟਰੇਲਰ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚਮਕੀਲਾ ਫੈਕਟਰੀ ਵਿੱਚ ਜੁਰਾਬਾਂ ਬਣਾਉਂਦੇ ਹਨ ਪਰ ਉਨ੍ਹਾਂ ਦੇ ਦਿਮਾਗ ਵਿੱਚ ਸਿਰਫ਼ ਸੰਗੀਤ ਹੀ ਚੱਲਦਾ ਰਹਿੰਦਾ ਹੈ। ਫਿਰ ਉਹ ਇੱਕ ਸਟੇਜ ਤੋਂ ਆਪਣਾ ਸੰਗੀਤ ਸ਼ੁਰੂ ਕਰਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਪਰਿਣੀਤੀ ਨਾਲ ਹੁੰਦੀ ਹੈ।
ਇਸ ਤੋਂ ਬਾਅਦ ਦੋਵਾਂ ਨੇ ਇਕੱਠੇ ਕਈ ਗੀਤ ਗਾਏ ਅਤੇ ਇੱਥੋਂ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਵੀ ਸ਼ੁਰੂ ਹੁੰਦੀ ਹੈ। ਅਮਰ ਆਪਣਾ ਚੰਗਾ ਨਾਂ ਬਣਾ ਲੈਂਦਾ ਹੈ।
ਕਦੋਂ ਰਿਲੀਜ਼ ਹੋਵੇਗੀ ਫਿਲਮ
ਇਮਤਿਆਜ਼ ਅਲੀ ਦੀ ਨਿਰਦੇਸ਼ਤ ਇਹ ਫਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਸਟ੍ਰੀਮ ਹੋਣ ਜਾ ਰਹੀ ਹੈ। ਫਿਲਮ ਦਾ ਨਿਰਮਾਣ ਮੋਹਿਤ ਚੌਧਰੀ, ਸਿਲੈਕਟ ਮੀਡੀਆ ਹੋਲਡਿੰਗਜ਼ ਐਲਐਲਪੀ, ਸਾਰੇਗਾਮਾ ਅਤੇ ਵਿੰਡੋ ਸੀਟ ਫਿਲਮਜ਼ ਵੱਲੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਫਿਲਮ ਦੇ ਕੁਝ ਗੀਤਾਂ ਨੂੰ ਦਿਲਜੀਤ ਅਤੇ ਪਰਿਣੀਤੀ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਇਸ ਫਿਲਮ ‘ਚ ਪਹਿਲੀ ਵਾਰ ਕਈ ਥਾਵਾਂ ‘ਤੇ ਲਾਈਵ ਰਿਕਾਰਡਿੰਗ ਵੀ ਦੇਖਣ ਨੂੰ ਮਿਲਣ ਵਾਲੀ ਹੈ।



