ਚੰਡੀਗੜ੍ਹ : ਗ੍ਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ ਵੱਲੋਂ 2016 ਤੋਂ 2020 ਦੌਰਾਨ ਐਕੁਆਇਰ ਕੀਤੀ ਗਈ ਜ਼ਮੀਨ ’ਤੇ ਫ਼ਰਜ਼ੀ ਅਮਰੂਦਾਂ ਦੇ ਬਗ਼ੀਚੇ ਦਿਖਾ ਕੇ ਕਰੋੜਾਂ ਦਾ ਮੁਆਵਜ਼ਾ ਹਾਸਲ ਕਰਨ ਦੇ ਮਾਮਲੇ ’ਚ ਹੁਣ ਨਵਾਂ ਖ਼ੁਲਾਸਾ ਹੋਇਆ ਹੈ। ਸਾਲ 2016 ’ਚ ਪਿੰਡ ਬਾਕਰਪੁਰ ਦੀ ਜ਼ਮੀਨ ਨਵੇਂ ਸੈਕਟਰ ਵਸਾਉਣ ਲਈ ਐਕੁਆਇਰ ਕੀਤੀ ਗਈ ਸੀ। ਇਸ ਐਕੁਆਇਰ ਕੀਤੀ ਗਈ ਜ਼ਮੀਨ ’ਚ 18 ਏਕੜ ਜ਼ਮੀਨ ਅਧਿਕਾਰੀਆਂ ਵੱਲੋਂ ਆਪਣੇ ਚਹੇਤਿਆਂ ਨੂੰ ਛੱਡ ਦਿੱਤੀ ਗਈ। ਜਿਸ ਨਾਲ ਸੂਬਾ ਸਰਕਾਰ ਨੂੰ ਕਰੀਬ 100 ਕਰੋੜ ਰੁਪਏ ਦਾ ਨੁਕਸਾਨ ਹੋਇਆ। ਅਮਰੂਦ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਵੱਲੋਂ ਹੁਣ ਇਸ 18 ਏਕੜ ਜ਼ਮੀਨ ਦੇ ਘੁਟਾਲੇ ਦੀ ਜਾਂਚ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਅਮਰੂਦ ਘੁਟਾਲੇ ਮਾਮਲੇ ’ਚ ਵਿਜੀਲੈਂਸ ਦੀ ਵੱਡੀ ਕਾਰਵਾਈ
ਅਮਰੂਦ ਘੁਟਾਲੇ ਮਾਮਲੇ ’ਚ ਵਿਜੀਲੈਂਸ ਵੱਲੋਂ 18 ਮੁਲਜ਼ਮਾਂ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ’ਚ ਦੋ ਆਈਏਐੱਸ ਅਧਿਕਾਰੀਆਂ ਦੀਆਂ ਪਤਨੀਆਂ ਵੀ ਹਨ। ਇਸ ਮਾਮਲੇ ’ਚ ਹੁਣ ਤਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਪਰ ਹਾਲੇ ਤਕ ਵਿਜੀਲੈਂਸ ਬਿਊਰੋ ਵੱਲੋਂ ਆਈਏਐੱਸ ਅਧਿਕਾਰੀਆਂ ਦੀਆਂ ਪਤਨੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮੁਲਜ਼ਮਾਂ ’ਚੋਂ ਦੋ ਨੇ ਅਦਾਲਤ ਤੋਂ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਸੀ, ਜਿਨ੍ਹਾਂ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਗਈ ਸੀ।
ਭ੍ਰਿਸ਼ਟਾਚਾਰ ਨੂੰ ਮੁਕਤ ਕਰਨ ਲਈ ਵਿਜੀਲੈਂਸ ਵੱਲੋ ਕਾਰਵਾਈ
ਭ੍ਰਿਸ਼ਟਾਚਾਰ ਨੂੰ ਮੁਕਤ ਕਰਨ ਲਈ ਵਿਜੀਲੈਂਸ ਵੱਲੋਂ ਪੰਜਾਬ ਭਰ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।



