ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਐਤਵਾਰ ਨੂੰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕੀਤਾ। ਮਾਤਾ ਚਰਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਧੂ ਦੇ ਪਿਤਾ ਸਿੱਧੂ ਦੀ ਯਾਦ ਨੂੰ ਸਮਰਪਿਤ ਰੱਖੇ ਬਰਸੀ ਸਮਾਗਮਾਂ ’ਚ ਸ਼ਾਮਿਲ ਹੋਣ ਲਈ ਵਿਦੇਸ਼ ਗਏ ਹਨ। ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਪ੍ਰੋਗਰਾਮ ਜਲਦ ਸ਼ੁਰੂ ਹੋਣਗੇ।
ਹੋਲੋਗ੍ਰਾਮ ਪ੍ਰੋਗਰਾਮ ਜਲਦ ਸ਼ੁਰੂ
ਸਿੱਧੂ ਮੂਸੇਵਾਲਾ ਦੀ ਬਰਸੀ ਸਮਾਗਮਾਂ ’ਤੇ ਕਿਹਾ ਕਿ ਪੰਜਾਬ ਤੋਂ ਜਿਹੜੀ ਉਮੀਦ ਸੀ ਉਹ ਵਿਦੇਸ਼ਾਂ ’ਚ ਬੈਠੇ ਲੋਕ ਕਰ ਰਹੇ ਹਨ। ਇੰਗਲੈਂਡ ’ਚ ਦੋ-ਦੋ ਪ੍ਰੋਗਰਾਮ ਹਨ ਅਤੇ ਸ਼ੁਭ ਦੇ ਪਿਤਾ ਉਨ੍ਹਾਂ ਵਿਚ ਸ਼ਾਮਲ ਹੋਣ ਲਈ ਗਏ ਹਨ। ਆਸਟੇ੍ਰਲੀਆ ਵਿਚ ਵੀ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਈ ਜਾ ਰਹੀ ਹੈ। ਉਨ੍ਹਾਂ ਨਿਰਾਸ਼ ਹੋ ਕੇ ਕਿਹਾ ਕਿ ਜੇਕਰ ਸਰਕਾਰ ਨੇ ਇਨਸਾਫ਼ ਨਾ ਦਿੱਤਾ ਤਾਂ ਪ੍ਰਮਾਤਮਾ ਇਨਸਾਫ਼ ਜ਼ਰੂਰ ਦੇਵੇਗਾ। ਲੜਾਈ ਜਾਰੀ ਰਹੇਗੀ। ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਵੀ ਤਿਆਰ ਹੋ ਰਿਹਾ ਹੈ ਅਤੇ ਇਸ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਵਿਦੇਸ਼ ਮੀਟਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਹੋਲੋਗ੍ਰਾਮ ਪ੍ਰੋਗਰਾਮ ਜਾਰੀ ਕਰਨਗੇ।
ਇਨਸਾਫ਼ ਲਈ ਆਸ ਦੀ ਕਿਰਨ ਨਹੀਂ ਦਿਖਾਈ ਦੇ ਰਹੀ
ਮਾਤਾ ਚਰਨ ਕੌਰ ਨੇ ਕਿਹਾ ਕਿ ਜਦ ਪਰਿਵਾਰ ਨੂੰ ਇਨਸਾਫ਼ ਨਾ ਮਿਲੇ ਤਾਂ ਉਨ੍ਹਾਂ ਭਟਕਣਾ ਹੀ ਹੈ ਪਰ ਜਿਧਰ ਵੀ ਗਏ ਕੁਝ ਪੱਲੇ ਨਹੀਂ ਪਿਆ। ਸਿੱਧੂ ਦਾ ਕੇਸ ਜਿੱਥੇ ਸਾਲ ਪਹਿਲਾਂ ਖੜ੍ਹਾ ਸੀ ਉਥੇ ਹੀ ਅੱਜ ਹੈ। ਸਾਨੂੰ ਕੋਈ ਉਮੀਦ ਨਹੀਂ ਕਿ ਇਹ ਕੁਝ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਘਰ ਦੇਰ ਹੈ, ਪਰ ਹਨੇਰ ਨਹੀਂ।



