ਚੰਡੀਗੜ੍ਹ : ਪੰਜਾਬ ਵਿੱਚ ਪਟਿਆਲਾ ਹਿੰਸਾ ਦੇ ਮਾਸਟਰਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਪੁਲਿਸ ਨੇ ਸ਼ਨੀਵਾਰ ਨੂੰ ਬਰਜਿੰਦਰ ਸਿੰਘ ਪਰਵਾਨਾ ਦੀ ਪਛਾਣ ਸ਼ੁੱਕਰਵਾਰ ਦੀ ਘਟਨਾ ਦੇ ਮੁੱਖ ਦੋਸ਼ੀ ਅਤੇ ਮਾਸਟਰਮਾਈਂਡ ਵਜੋਂ ਕੀਤੀ ਸੀ। ਪਟਿਆਲਾ ਰੇਂਜ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਸੀ ਕਿ ਬਰਜਿੰਦਰ ਸਿੰਘ ਪਰਵਾਨਾ ਅਪਰਾਧਿਕ ਪ੍ਰਵਿਰਤੀ ਵਾਲਾ ਵਿਅਕਤੀ ਹੈ। ਉਸ ਵਿਰੁੱਧ ਪਹਿਲਾਂ ਹੀ 4 ਐਫਆਈਆਰ ਦਰਜ ਹਨ। ਉਨ੍ਹਾਂ ਕਿਹਾ ਕਿ ਹਿੰਸਕ ਝੜਪ ਸਬੰਧੀ ਸਾਜ਼ਿਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਕਥਿਤ ਤੌਰ ‘ਤੇ ਝੜਪਾਂ ਵਿੱਚ ਸ਼ਾਮਲ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਘਟਨਾ ਦੇ ਪਿੱਛੇ ਅਪਰਾਧਿਕ ਪਿਛੋਕੜ ਵਾਲੇ ਰਾਜਪੁਰਾ ਨਿਵਾਸੀ ਦੀ ਪਛਾਣ ਕੀਤੀ ਹੈ।
ਮਾਸਟਰਮਾਈਂਡ ਬਰਜਿੰਦਰ ਸਿੰਘ ਪਰਵਾਨਾ ਗ੍ਰਿਫਤਾਰ
ਪੁਲਿਸ ਨੇ ਦੋ ਹੋਰ ਮੁਲਜ਼ਮਾਂ ਦੀ ਪਛਾਣ ਦਲਜੀਤ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਕੀਤੀ ਸੀ। ਸ਼ੁੱਕਰਵਾਰ ਦੀ ਝੜਪ ਦੇ ਘੰਟਿਆਂ ਬਾਅਦ, ਪੁਲਿਸ ਨੇ ਹਰੀਸ਼ ਸਿੰਗਲਾ ਨੂੰ ਬਿਨਾਂ ਇਜਾਜ਼ਤ ਦੇ ਜਲੂਸ ਕੱਢਣ ਅਤੇ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਨਵੇਂ ਇੰਸਪੈਕਟਰ ਜਨਰਲ ਪੁਲਿਸ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਟਿਆਲਾ ਵਿੱਚ ਸ਼ੁੱਕਰਵਾਰ ਦੀ ਘਟਨਾ ਦੇ ਸਬੰਧ ਵਿੱਚ ਛੇ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕੁੱਲ 25 ਵਿਅਕਤੀਆਂ ਦੇ ਨਾਮ ਦਰਜ ਕੀਤੇ ਗਏ ਹਨ। ਆਈ ਜੀ ਨੇ ਦੱਸਿਆ ਕਿ ਇਸ ਮਾਮਲੇ ‘ਚ 9 ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਦੱਸ ਦੇਈਏ ਕਿ ਹਿੰਦੂ ਸੰਗਠਨਾਂ ਨੇ ਦਾਅਵਾ ਕੀਤਾ ਸੀ ਕਿ ਖਾਲਿਸਤਾਨ ਵਿਰੋਧੀ ਮਾਰਚ ਕਾਰਨ ਹੰਗਾਮਾ ਹੋਇਆ ਸੀ। ਹਾਲਾਤ ਵਿਗੜਨ ’ਤੇ ਪੁਲੀਸ ਨੂੰ ਹਵਾ ਵਿੱਚ ਗੋਲੀ ਚਲਾਉਣੀ ਪਈ।
ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਤਣਾਅ ਵਧਇਆ
ਪਟਿਆਲਾ ਦੇ ਕਾਲੀ ਦੇਵੀ ਮੰਦਰ ਨੇੜੇ ਖਾਲਿਸਤਾਨ ਵਿਰੋਧੀ ਮਾਰਚ ਦੌਰਾਨ ਹਿੰਸਕ ਝੜਪਾਂ ਤੋਂ ਬਾਅਦ ਤਣਾਅ ਵਧ ਗਿਆ। ਜਾਣਕਾਰੀ ਅਨੁਸਾਰ ਮਾਰਚ ਕੱਢਣ ਦੇ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਦੋਵਾਂ ਧੜਿਆਂ ਵਿੱਚ ਤਲਵਾਰਾਂ ਦੀ ਵਰਤੋਂ ਹੋਈ, ਪੱਥਰਬਾਜ਼ੀ ਵੀ ਹੋਈ। ਇਸ ਝੜਪ ਵਿੱਚ ਪੁਲਿਸ ਸਮੇਤ ਕਈ ਲੋਕ ਜ਼ਖਮੀ ਹੋ ਗਏ। ਤਣਾਅ ਦੇ ਮੱਦੇਨਜ਼ਰ ਇਲਾਕੇ ‘ਚ ਕਰਫਿਊ ਲਗਾ ਦਿੱਤਾ ਗਿਆ। ਇਸ ਦੇ ਨਾਲ ਹੀ ਪਟਿਆਲਾ ਹਿੰਸਾ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਝਗੜਾ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਹੋਇਆ ਹੈ। ਇਹੀ ਨਹੀਂ ਕਾਂਗਰਸ ਅਤੇ ਭਾਜਪਾ ਨੇ ਹਿੰਸਾ ਨੂੰ ਲੈ ਕੇ ‘ਆਪ’ ਦੀ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ।



