ਚੰਡੀਗੜ੍ਹ : ਪੰਜਾਬ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਆਪਣੀ ਸਿਆਸੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ। ਅਜਿਹੇ ਸੰਕੇਤ ਉਨ੍ਹਾਂ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਦਿੱਤੇ ਹਨ।
Also Read : ਲਖੀਮਪੁਰ ਕਲਤਕਾਂਡ ਮਾਮਲੇ ‘ਚ SIT ਵੱਲੋਂ 50 ਤੋਂ ਵਧੇਰੇ ਕਿਸਾਨਾਂ ਨੂੰ ਕੀਤਾ ਗਿਆ ਤਲਬ
ਦੱਸ ਦਈਏ ਕਿ ਪੰਜਾਬ ਮੁੱਖ ਮੰਤਰੀ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਤੋਂ ਹੀ ਕਿਆਸ ਲਾਏ ਜਾ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਦੀ ਪਾਰਟੀ ਬਣਾਉਣਗੇ ਜਾਂ ਉਹ ਭਾਜਪਾ ਵਿਚ ਸ਼ਾਮਲ ਹੋਣਗੇ। ਇਸ ਨੂੰ ਲੈ ਕੇ ਉਨ੍ਹਾਂ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਹਨ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਕੁਝ ਦਿਨਾਂ ਵਿਚ ਹੀ ਤਕਰੀਬਨ ਤਿੰਨ ਵਾਰ ਦਿੱਲੀ ਦਾ ਦੌਰਾ ਕਰ ਚੁੱਕੇ ਹਨ ਤੇ ਬੀਤੇ ਦਿਨ ਵੀ ਭਾਜਪਾ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਵਿਚਾਲੇ ਮੁਲਾਕਾਤ ਦੀਆਂ ਖਬਰਾਂ ਸਨ ਤੇ ਕਿਆਸ ਲਾਏ ਜਾ ਰਹੇ ਸਨ ਕਿ ਕੈਪਟਨ ਅਮਰਿੰਦਰ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।
ਇਥੇ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੌਰਾਨ ਟਕਸਾਲੀ ਅਕਾਲੀਆਂ ਤੇ ਭਾਜਪਾ ਨਾਲ ਗਠਜੋੜ ਦੇ ਸੰਕੇਤ ਦਿੱਤੇ ਹਨ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਜਪਾ ਨੇ ਖੇਤੀਬਾੜੀ ਦੇ ਮਸਲੇ ਨੂੰ ਹੱਲ ਕਰਨ ਲਈ ਵੀ ਮਸੌਦਾ ਤਿਆਰ ਕਰ ਲਿਆ ਹੈ। ਜੇਕਰ ਇਹ ਦਾਅ ਸਹੀ ਪਿਆ ਤਾਂ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਲ ਕਰ ਸਕਦੀ ਹੈ।



