ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਕੱਲ੍ਹ ਲਖਬੀਰ ਸਿੰਘ ਨਾਮ ਦੇ ਨੌਜਵਾਨ ਦੀ ਇੱਕ ਨਿਹੰਗ ਸਿੱਖ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਸ ਘਟਨਾ ਨੂੰ ਗੰਭੀਰਤਾ ਨਾਲ ਲਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਮਾਇਆਵਤੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਲਖੀਮਪੁਰ ਖੀਰੀ ਵਾਂਗ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਅਤੇ ਸਰਕਾਰੀ ਨੌਕਰੀ ਦੇਵੇ।
ਨੌਜਵਾਨ ‘ਤੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਭੱਜਣ ਲੱਗਾ,ਉਸੇ ਸਮੇਂ ਗੇਟ ‘ਤੇ ਰਾਖੀ ਕਰ ਰਹੇ ਨਿਹੰਗਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਕੁੱਟ-ਮਾਰ ਕੀਤੀ।ਇਸ ਬੇਅਦਬੀ ਦੇ ਪਿੱਛੇ ਉਸਦਾ ਮਕਸਦ ਪੁੱਛਿਆ ਗਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ ਤਾਂ ਉਸਦਾ ਪਹਿਲਾਂ ਹੱਥ ਕੱਟਿਆ ਗਿਆ,ਇਸਤੋਂ ਬਾਅਦ ਉਸਦਾ ਪੈਰ ਕੱਟਿਆ ਗਿਆ ਅਤੇ ਉਸਨੂੰ ਬੈਰੀਕੇਡ ‘ਤੇ ਲਟਕਾ ਦਿੱਤਾ ਗਿਆ।
Also Read : ਪੰਜਾਬੀ ਨੌਜਵਾਨ ਦਾ ਬੇਰਹਮੀ ਨਾਲ ਕਤਲ ਕਰਨ ਵਾਲੇ ਨਿਹੰਗ ਸਿੱਖ ਦੀ ਅੱਜ ਕੋਰਟ ‘ਚ ਹੋਵੇਗੀ ਪੇਸ਼ੀ
ਦੱਸ ਦਈਏ ਕਿ ਮ੍ਰਿਤਕ ਲਖਬੀਰ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਦਾ ਰਹਿਣ ਵਾਲਾ ਸੀ।ਉਹ ਨਿਹੰਗਾਂ ਦੇ ਘੋੜੇ ਦੀ ਦੇਖਭਾਲ ਅਤੇ ਸਫਾਈ ਕਰਦਾ ਸੀ,ਪਰ ਉਨ੍ਹਾਂ ਨੇ ਹੀ ਉਸਦੀ ਜਾਨ ਲੈ ਲਈ ਜਿਸ ਤੋਂ ਬਾਅਦ ਸਾਰਾ ਪਰਿਵਾਰ ਸਦਮੇ ‘ਚ ਹੈ।



