National News : ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਇੱਕ ਜਹਾਜ਼ ਕਰੈਸ਼ ਹੋ ਗਿਆ ਹੈ। ਜਹਾਜ਼ ‘ਚ ਸਵਾਰ 19 ਲੋਕਾਂ ‘ਚੋਂ 18 ਦੀ ਮੌਤ ਦੀ ਪੁਸ਼ਟੀ ਹੋਈ ਹੈ। ਜ਼ਖਮੀ ਪਾਇਲਟ ਕੈਪਟਨ ਮਨੀਸ਼ ਸ਼ਾਕਿਆ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਜਹਾਜ਼ ਕਾਠਮਾਂਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ਼ ਨੇ ਸਵੇਰੇ ਕਰੀਬ 11 ਵਜੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ। ਉਡਾਣ ਭਰਦਿਆਂ ਹੀ ਜਹਾਜ਼ ਨੂੰ ਝਟਕਾ ਲੱਗਾ ਤੇ ਅੱਗ ਲੱਗ ਗਈ। ਪਲਾਂ ਵਿੱਚ ਹੀ ਇਹ ਕਰੈਸ਼ ਹੋ ਗਿਆ। 9N-AME ਜਹਾਜ਼ ਸ਼ੌਰਿਆ ਏਅਰਲਾਈਨਜ਼ ਦਾ ਸੀ। ਹਾਦਸੇ ‘ਚ ਮਰਨ ਵਾਲਿਆਂ ‘ਚੋਂ 17 ਸ਼ੌਰਿਆ ਏਅਰਲਾਈਨਜ਼ ਦੇ ਕਰਮਚਾਰੀ ਸਨ, ਜਦਕਿ ਬਾਕੀ 2 ਚਾਲਕ ਦਲ ਦੇ ਮੈਂਬਰ ਸਨ।

ਕਾਠਮਾਂਡੂ ਪੋਸਟ ਮੁਤਾਬਕ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਅਤੇ ਫਾਇਰ ਫਾਈਟਰਜ਼ ਦੀ ਟੀਮ ਬਚਾਅ ਕਾਰਜ ਲਈ ਮੌਕੇ ‘ਤੇ ਪਹੁੰਚ ਗਈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਬਾਅਦ ਜਹਾਜ਼ ਵਿਚ ਅੱਗ ਲੱਗ ਗਈ। ਇਸ ਨੂੰ ਤੁਰੰਤ ਬੁਝਾਇਆ ਗਿਆ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ‘ਚ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
