ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿੱਚ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਵਿੱਚ ਸਵਾਰ ਚਾਰ ਦੋਸਤਾਂ ਦੀ ਮੌਤ ਹੋ ਗਈ ਅਤੇ ਇੱਕ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਲਗਭਗ 190 ਕਿਲੋਮੀਟਰ ਦੂਰ ਲੋਹਾਰਬਰਵਾ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਗੋਵਿੰਦਪੁਰ ਦੇ ਉਪ ਪੁਲਿਸ ਕਪਤਾਨ ਸ਼ੰਕਰ ਕਾਂਤੀ ਨੇ ਦੱਸਿਆ ਕਿ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਧਨਬਾਦ ਦੇ ਨਿਰਮਲ ਮਹਤੋ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਹਾਦਸਾ ਮੰਗਲਵਾਰ ਦੇਰ ਰਾਤ ਲੋਹਾਰ ਬਰਵਾ ਨਾਮਕ ਸਥਾਨ ‘ਤੇ ਵਾਪਰਿਆ। ਸਾਰੇ 5 ਦੋਸਤ ਛੇ ਮਾਰਗੀ ਨੈਸ਼ਨਲ ਹਾਈਵੇਅ-2 ‘ਤੇ ਕਾਰ ਰਾਹੀਂ ਗਲਤ ਦਿਸ਼ਾ ‘ਚ ਜਾ ਰਹੇ ਸਨ। ਇਸੇ ਦੌਰਾਨ ਸਾਹਮਣਿਓਂ ਆ ਰਹੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਉਪ ਪੁਲੀਸ ਕਪਤਾਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ। ਮ੍ਰਿਤਕਾਂ ‘ਚ ਧਨਬਾਦ ਦੇ ਰੰਗਾ ਟੰਡ ਇਲਾਕੇ ਦਾ ਰਹਿਣ ਵਾਲਾ ਰਾਹੁਲ ਕੁਮਾਰ ਗੁਪਤਾ ਅਤੇ ਗਾਂਧੀ ਨਗਰ ਕਲੋਨੀ ਦਾ ਰਹਿਣ ਵਾਲਾ ਅੰਕਿਤ ਸ਼ਾਮਲ ਹੈ। ਦੋ ਹੋਰਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਗਲਤ ਸਾਈਡ ਤੋਂ ਜਾ ਰਹੀ ਸੀ। ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜ਼ਬਰਦਸਤ ਟੱਕਰ ‘ਚ ਕਾਰ ਤਬਾਹ ਹੋ ਗਈ। ਰੌਲਾ ਸੁਣ ਕੇ ਆਸਪਾਸ ਦੇ ਲੋਕ ਦੌੜ ਗਏ। ਸੂਚਨਾ ਮਿਲਣ ‘ਤੇ ਪੁਲਿਸ ਵੀ ਪਹੁੰਚ ਗਈ।
ਕਾਰ ਨੂੰ ਕਟਰ ਮਸ਼ੀਨ ਨਾਲ ਕੱਟ ਕੇ ਕੱਢੀਆਂ ਲਾਸ਼ਾਂ
ਕਾਰ ਦੀ ਹਾਲਤ ਅਜਿਹੀ ਸੀ ਕਿ ਉਸ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਕਟਰ ਮਸ਼ੀਨ ਬੁਲਾਈ ਗਈ। ਕਾਫੀ ਮਿਹਨਤ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਚਾਰ ਦੀ ਮੌਤ ਹੋ ਗਈ ਸੀ। ਇੱਕ ਨੌਜਵਾਨ ਨੂੰ ਬਹੁਤ ਗੰਭੀਰ ਹਾਲਤ ਵਿੱਚ SNMMCH ਮੈਡੀਕਲ ਕਾਲਜ, ਧਨਬਾਦ ਭੇਜਿਆ ਗਿਆ।
ਮਿਲੀ ਸ਼ਰਾਬ ਦੀ ਬੋਤਲ
ਕਾਰ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਸ਼ੱਕ ਹੈ ਕਿ ਕਾਰ ਚਲਾ ਰਹੇ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਹੋ ਸਕਦੀ ਹੈ। ਹਾਦਸੇ ਕਾਰਨ ਹਾਵੜਾ-ਦਿੱਲੀ ਰੋਡ ‘ਤੇ ਕਾਫੀ ਦੇਰ ਤੱਕ ਆਵਾਜਾਈ ਠੱਪ ਰਹੀ।



