ਨਵੀਂ ਦਿੱਲੀ- ਭਾਰਤ ਵਿਚ ਇਸ ਵੇਲੇ 18 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ ਭਾਰਤ ਬਾਇਓਟੈੱਕ ਆਪਣੀ ਕੋਰੋਨਾ ਰੋਕੂ ਵੈਕਸੀਨ ਕੋਵੈਕਸੀਨ ਦਾ ਦੋ ਤੋਂ 18 ਸਾਲ ਦੇ ਬੱਚਿਆਂ ‘ਤੇ ਵੀ ਛੇਤੀ ਹੀ ਦੂਜੇ ਅਤੇ ਤੀਜੇ ਪੜਾਅ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਜਾ ਰਹੀ ਹੈ। ਕੋਰੋਨਾ ‘ਤੇ ਗਠਿਤ ਮਾਹਰਾਂ ਦੀ ਕਮੇਟੀ ਨੇ ਮੰਗਲਵਾਰ ਨੂੰ ਟ੍ਰਾਇਲ ਸ਼ੁਰ ਕਰਨ ਲਈ ਆਪਣੀ ਹਾਮੀ ਭਰ ਦਿੱਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ਅਤੇ ਪਟਨਾ ਦੇ ਏਮਸ ਅਤੇ ਨਾਗਪੁਰ ਸਥਿਤੀ ਮੇਡਿਟ੍ਰਿਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਸਮੇਤ ਦੇਸ਼ ਦੇ ਵੱਖ-ਵੱਖ ਕੇਂਦਰਾਂ ‘ਤੇ 525 ਵਾਲੰਟੀਅਰ ‘ਤੇ ਇਹ ਪਹਿਲਾ ਟ੍ਰਾਇਲ ਕੀਤਾ ਜਾਵੇਗਾ।

ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਨੇ ਦੋ ਤੋਂ 18 ਸਾਲ ਦੇ ਬੱਚਿਆਂ ‘ਤੇ ਕੋਵੈਕਸੀਨ ਦੀ ਸੁਰੱਖਿਆ ਅਤੇ ਰੋਗਾਂ ਨਾਲ ਲੜਣ ਦਾ ਸਮਰੱਥਾ ਦਾ ਵਿਸ਼ਲੇਸ਼ਣ ਕਰਨ ਦੀ ਇਜਾਜ਼ਤ ਮੰਗੀ ਸੀ। ਕੋਰੋਨਾ ‘ਤੇ ਗਠਿਤ ਕੇਂਦਰੀ ਦਵਾਈ ਮਾਨਕ ਕੰਟਰੋਲ ਸੰਗਠਨ (ਸੀ.ਡੀ.ਐੱਸ.ਸੀ.ਓ.) ਦੀ ਵਿਸ਼ਾ ਮਾਹਰ ਕਮੇਟੀ (ਐੱਸ.ਈ.ਸੀ.) ਨੇ ਮੰਗਲਵਾਰ ਨੂੰ ਭਾਰਤ ਬਾਇਓਟੈੱਕ ਦੀ ਅਰਜ਼ੀ ‘ਤੇ ਵਿਆਪਕ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਸ ਨੂੰ ਟ੍ਰਾਇਲ ਦੀ ਪ੍ਰਵਾਨਗੀ ਦਿੱਤੀ। ਐੱਸ.ਈ.ਸੀ. ਨੇ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲ ਦੀ ਸਿਫਾਰਿਸ਼ ਕਰਦੇ ਹੋਏ ਇਹ ਸ਼ਰਤ ਵੀ ਰੱਖੀ ਹੈ ਕਿ ਭਾਰਤ ਬਾਇਓਟੈੱਕ ਤੀਜੇ ਪੜਾਅ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਦੂਜੇ ਪੜਾਅ ਦੇ ਸੁਰੱਖਿਆ ਸਬੰਧੀ ਅੰਤਰਿਮ ਡਾਟਾ ਸੀ.ਡੀ.ਐੱਸ.ਸੀ.ਓ. ਨੂੰ ਮੁਹੱਈਆ ਕਰਵਾਏਗੀ।

ਜ਼ਿਕਰਯੋਗ ਹੈ ਕਿ ਭਾਰਤ ਬਾਇਓਟੈੱਕ ਨੇ ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ.) ਨਾਲ ਮਿਲ ਕੇ ਕੋਵੈਕਸੀਨ ਨੂੰ ਵਿਕਸਿਤ ਕੀਤਾ ਹੈ। ਕੰਪਨੀ ਇਸ ਦਾ ਉਤਪਾਦਨ ਅਤੇ ਵੰਡ ਵੀ ਕਰ ਰਹੀ ਹੈ। ਭਾਰਤ ਵਿਚ ਟੀਕਾਕਰਣ ਮੁਹਿੰਮ ਵਿਚ ਸੀਰਮ ਇੰਸਟੀਚਿਊਟ ਵਲੋਂ ਬਣਾਈ ਜਾ ਰਹੀ ਕੋਵੀਸ਼ੀਲਡ ਦੇ ਨਾਲ ਕੋਵੈਕਸੀਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।



