ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਦੀ ਅਗਵਾਈ ਵਿੱਚ ਚੱਲ ਰਹੀ ਭੁੱਖ ਹੜਤਾਲ ਦੇ ਤੀਜੇ ਹਫ਼ਤੇ ਵਿੱਚ ਦਾਖ਼ਲ ਹੁੰਦਿਆਂ ਹੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੱਡਾ ਕਦਮ ਚੁੱਕਦਿਆਂ ਦਿੱਲੀ ਦੇ ਤਿੰਨ ਪ੍ਰਮੁੱਖ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਜੰਤਰ-ਮੰਤਰ ‘ਤੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਅਤੇ ਹੋਰ ਪ੍ਰਦਰਸ਼ਨਕਾਰੀਆਂ ਦੀ ਦਿਨ ਵਿੱਚ ਦੋ ਵਾਰ ਮੈਡੀਕਲ ਜਾਂਚ ਯਕੀਨੀ ਬਣਾਉਣ। ਮੰਤਰਾਲੇ ਦਾ ਇਹ ਫੈਸਲਾ ਉਨ੍ਹਾਂ ਦੀ ਵਿਗੜ ਰਹੀ ਸਿਹਤ (ਬਾਰਡਰ-ਲਾਈਨ ਕੰਡੀਸ਼ਨ) ਅਤੇ ਲੰਬੇ ਸਮੇਂ ਤੋਂ ਭੁੱਖੇ ਰਹਿਣ ਕਾਰਨ ਅੰਗਾਂ ਦੇ ਅਚਾਨਕ ਫੇਲ੍ਹ ਹੋਣ ਵਰਗੀ ਕਿਸੇ ਵੀ ਸੰਭਾਵੀ ਮੈਡੀਕਲ ਐਮਰਜੈਂਸੀ ਦੇ ਖ਼ਤਰੇ ਨੂੰ ਟਾਲਣ ਲਈ ਲਿਆ ਗਿਆ ਹੈ।
ਸੋਨਮ ਵਾਂਗਚੁਕ ਦਾ ਵਜ਼ਨ 9 ਕਿੱਲੋ ਤੋਂ ਜ਼ਿਆਦਾ ਘਟਿਆ
ਸੋਨਮ ਵਾਂਗਚੁਕ ਦੀ ਦੇਖਭਾਲ ਕਰ ਰਹੀ ਮੈਡੀਕਲ ਟੀਮ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਭੁੱਖ ਹੜਤਾਲ ਦੇ 20 ਦਿਨਾਂ ਦੌਰਾਨ ਉਨ੍ਹਾਂ ਦਾ ਸਰੀਰਕ ਵਜ਼ਨ 9 ਕਿੱਲੋਗ੍ਰਾਮ ਤੋਂ ਵੀ ਵੱਧ ਘਟ ਗਿਆ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਮੌਜੂਦਾ ਵਜ਼ਨ 56.9 ਕਿੱਲੋਗ੍ਰਾਮ ਰਹਿ ਗਿਆ ਹੈ।
ਡਾਕਟਰਾਂ ਦੀ ਸਖ਼ਤ ਨਿਗਰਾਨੀ
ਇਲਾਜ ਕਰ ਰਹੇ ਡਾਕਟਰਾਂ ਨੇ ਤਸੱਲੀ ਪ੍ਰਗਟਾਈ ਹੈ ਕਿ ਵਾਂਗਚੁਕ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਈ ਹੈ ਅਤੇ ਉਹ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਸੁਚੇਤ ਹਨ। ਪਰ, ਲਗਾਤਾਰ ਡਿੱਗ ਰਿਹਾ ਵਜ਼ਨ ਅਤੇ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਲਈ, ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਲਗਾਤਾਰ ਸਖ਼ਤ ਮੈਡੀਕਲ ਨਿਗਰਾਨੀ ਹੇਠ ਰੱਖਿਆ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

