ਖੰਨਾ : ਪੰਜਾਬ ਦੇ ਖੰਨਾ ਵਿਖੇ ਜੀਟੀ ਰੋਡ ‘ਤੇ ਸ਼ਨੀਵਾਰ ਤੜਕੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਗਾਜੀਆਬਾਦ (ਮੁਰਾਦ ਨਗਰ) ਤੋਂ ਮਾਤਾ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ, ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਗੱਡੀ ਦਾ ਟਾਇਰ ਬਦਲ ਰਹੇ ਨੌਜਵਾਨਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਦੋ ਸਕੇ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਮਾਸੂਮ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਟਾਇਰ ਬਦਲਦੇ ਸਮੇਂ ਪਿੱਛੋਂ ਆ ਰਹੇ ਟਰੱਕ ਨੇ ਮਾਰੀ ਟੱਕਰ
ਮਿਲੀ ਜਾਣਕਾਰੀ ਮੁਤਾਬਕ, ਉੱਤਰ ਪ੍ਰਦੇਸ਼ ਦਾ ਇਹ ਪਰਿਵਾਰ ਦੋ ਵੱਖ-ਵੱਖ ਗੱਡੀਆਂ ਵਿੱਚ ਸਵਾਰ ਹੋ ਕੇ ਜੰਮੂ ਵੱਲ ਜਾ ਰਿਹਾ ਸੀ। ਜਦੋਂ ਉਹ ਖੰਨਾ ਦੇ ਜੀਟੀ ਰੋਡ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਇੱਕ ਗੱਡੀ ਦਾ ਟਾਇਰ ਪੰਚਰ ਹੋ ਗਿਆ। ਤੜਕੇ ਦੇ ਸਮੇਂ ਅਮਰਦੀਪ ਵਰਮਾ ਤੇ ਉਸ ਦਾ ਦੋਸਤ ਵਿੱਕੀ ਗੱਡੀ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਟਾਇਰ ਬਦਲਣ ਲੱਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਇੱਕ ਬੱਚਾ ਵੀ ਉੱਥੇ ਮੌਜੂਦ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਟਰੱਕ ਨੇ ਤਿੰਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅਮਰਦੀਪ ਅਤੇ ਵਿੱਕੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
SSF ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (Road Safety Force) ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਐਸ.ਐਸ.ਐਫ. ਦੇ ਜਵਾਨਾਂ ਨੇ ਬਿਨਾਂ ਸਮਾਂ ਗਵਾਏ ਗੰਭੀਰ ਜ਼ਖ਼ਮੀ ਬੱਚੇ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਉੱਥੇ ਡਾਕਟਰਾਂ ਨੇ ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ (PGI) ਰੈਫਰ ਕਰ ਦਿੱਤਾ ਹੈ। ਹਾਦਸੇ ਤੋਂ ਬਾਅਦ ਐਸ.ਐਸ.ਐਫ. ਨੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਾ ਕੇ ਜੀਟੀ ਰੋਡ ‘ਤੇ ਟ੍ਰੈਫਿਕ ਨੂੰ ਮੁੜ ਸੁਚਾਰੂ ਕਰਵਾਇਆ।
ਫਰਾਰ ਟਰੱਕ ਚਾਲਕ ਦੀ ਭਾਲ ਵਿੱਚ ਜੁਟੀ ਪੁਲਿਸ
ਸਥਾਨਕ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ,ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰੇ ਖੰਘਾਲੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Big success of Zira Police: ਹਥਿਆਰਾਂ ਸਮੇਂਤ ਲੁਟੇਰਾ ਗਿਰੋਹ ਦੇ 5 ਮੈਂਬਰ ਕਾਬੂ; ਵੱਡੀ ਵਾਰਦਾਤ ਹੋਣੋਂ ਟਲੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



