ਅੱਜ ਤੜਕੇ ਤੋਂ ਕਿਆਸਅਰਾਈਆਂ ਸਨ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣਾਂ ਲੜ ਸਕਦੇ ਹਨ। ਅਫਵਾਹ ਇਹ ਵੀ ਸੀ ਕਿ ਕਾਂਗਰਸ ਪਾਰਟੀ ਸੰਜੇ ਦੱਤ ਨੂੰ ਹਰਿਆਣਾ ਵਿਚ ਚੋਣ ਲੜਵਾਏਗੀ ਪਰ ਇਸ ਵਿਚਾਲੇ ਸੰਜੇ ਦੱਤ ਨੇ ਖੁਦ ਇਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਚੋਣਾਂ ਲੜਨ ਦੀ ਗੱਲ ਨੂੰ ਅਫਵਾਹ ਕਰਾਰ ਦਿੱਤਾ ਤੇ ਕਿਹਾ ਕਿ ਉਹ ਨਾ ਤਾਂ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਤੇ ਨਾ ਹੀ ਚੋਣ ਲੜ ਰਹੇ ਹਨ।

ਇਸ ਸਬੰਧੀ ਸੰਜੇ ਦੱਤ ਨੇ ਕਿਹਾ ਕਿ ਮੈਂ ਆਪਣੇ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਸਾਰੀਆਂ ਅਫਵਾਹਾਂ ਉਤੇ ਵਿਰਾਮ ਲਗਾਉਣਾ ਚਾਹਾਂਗਾ । ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ। ਜੇਕਰ ਮੈਂ ਰਾਜਨੀਤਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਇਸ ਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਕਿਰਪਾ ਕਰ ਕੇ ਹੁਣ ਤੱਕ ਮੇਰੇ ਬਾਰੇ ਵਿੱਚ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਉਤੇ ਵਿਸ਼ਵਾਸ ਨਾ ਕੀਤਾ ਜਾਵੇ।
