ਚੰਡੀਗੜ੍ਹ, 5 ਜੂਨ:
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਕਈ ਨੌਜਵਾਨ ਕੁੜੀਆਂ ਦੇ ਲਾਪਤਾ ਹੋਣ ਸਬੰਧੀ ਸੋਸ਼ਲ ਮੀਡੀਆ ਰਿਪੋਰਟਾਂ ਅਤੇ ਜਨਤਕ ਚਿੰਤਾਵਾਂ ਦਾ ਨੋਟਿਸ ਲਿਆ ਹੈ।
ਇਸ ਸਬੰਧੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪੁਲਿਸ ਕਮਿਸ਼ਨਰ, ਲੁਧਿਆਣਾ ਤੋਂ ਇਸ ਸਬੰਧੀ ਵਿਸਥਾਰਿਤ ਰਿਪੋਰਟ ਮੰਗੀ ਅਤੇ ਤੱਥਾਂ ਦਾ ਪਤਾ ਲਗਾਉਣ ਲਈ ਪੁਲਿਸ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।
ਸ੍ਰੀਮਤੀ ਗਿੱਲ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਦਸ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਨੂੰ ਕਿਸੇ ਵਿਅਕਤੀ ਜਾਂ ਸੰਗਠਿਤ ਗਰੋਹ ਵੱਲੋਂ ਅਗਵਾ ਨਹੀਂ ਕੀਤਾ ਗਿਆ ਸੀ। ਕਈ ਮਾਮਲਿਆਂ ਵਿੱਚ ਉਹ ਨਿੱਜੀ ਜਾਂ ਪਰਿਵਾਰਕ ਕਾਰਨਾਂ ਕਰਕੇ ਆਪਣੀ ਮਰਜ਼ੀ ਨਾਲ ਘਰ ਛੱਡ ਗਈਆਂ ਸਨ। ਪੁਲਿਸ ਟੀਮਾਂ ਵੱਲੋਂ ਤਕਨੀਕੀ ਨਿਗਰਾਨੀ, ਫੀਲਡ ਪੁੱਛਗਿੱਛ ਅਤੇ ਅੰਤਰ-ਏਜੰਸੀ ਤਾਲਮੇਲ ਰਾਹੀਂ ਲਾਪਤਾ ਕੁੜੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਕਈ ਕੁੜੀਆਂ ਨੂੰ ਪਹਿਲਾਂ ਹੀ ਲੱਭ ਲਿਆ ਗਿਆ ਹੈ ਅਤੇ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਮਾਲਪੁਰ ਪੁਲਿਸ ਸਟੇਸ਼ਨ ਵਿਖੇ ਦਰਜ ਇੱਕ ਮਾਮਲੇ ਵਿੱਚ, ਉੱਤਰ ਪ੍ਰਦੇਸ਼ ਦੀਆਂ ਤਿੰਨ ਕੁੜੀਆਂ ਉਨ੍ਹਾਂ ਦੇ ਹੀ ਜੱਦੀ ਪਿੰਡ ਤੋਂ ਬਰਾਮਦ ਕੀਤੀਆਂ ਗਈਆਂ ਹਨ, ਜਿੱਥੇ ਉਹ ਕਿਸੇ ਜ਼ੋਰ-ਜ਼ਬਰਦਸਤੀ ਤਹਿਤ ਨਹੀਂ ਬਲਕਿ ਕੁਝ ਪਰਿਵਾਰਕ ਕਾਰਨਾਂ ਕਰਕੇ ਆਪਣੀ ਮਰਜ਼ੀ ਨਾਲ ਗਈਆਂ ਸਨ।
ਇਸ ਸਮੇਂ ਕਿਸੇ ਸੰਗਠਿਤ ਅਗਵਾ ਰੈਕੇਟ ਜਾਂ ਅਪਰਾਧਿਕ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਹੈ। ਹਾਲਾਂਕਿ, ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਸਾਰੇ ਸੰਭਾਵਿਤ ਪਹਿਲੂਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।
ਸ਼੍ਰੀਮਤੀ ਰਾਜ ਲਾਲੀ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਪੰਜਾਬ ਪੁਲਿਸ ਔਰਤਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਮਰਪਿਤ ਟੀਮਾਂ ਬਾਕੀ ਲਾਪਤਾ ਲੜਕੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ 24 ਘੰਟੇ ਕੰਮ ਕਰ ਰਹੀਆਂ ਹਨ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ-ਪ੍ਰਮਾਣਿਤ ਜਾਣਕਾਰੀ ਜਾਂ ਅਫਵਾਹਾਂ ਨਾ ਫੈਲਾਉਣ ਤਾਂ ਜੋ ਲੋਕ ਸਹਿਮ ਅਤੇ ਚਿੰਤਾ ਦੇ ਸ਼ਿਕਾਰ ਨਾ ਹੋਣ। ਭਰੋਸੇਯੋਗ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਲੁਧਿਆਣਾ ਪੁਲਿਸ ਜਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਨਾਲ ਸੰਪਰਕ ਕਰਨ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Bhagwant Mann Govt’s e-rickshaw campaign reaches 3,440 villages
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



