ਅੰਮ੍ਰਿਤਸਰ: ਪੰਜਾਬ ਦੇ ਕਈ ਪ੍ਰਮੁੱਖ ਸ਼ਹਿਰਾਂ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਨੇ ਸੂਬੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਲੰਧਰ ਦੇ ਤਿੰਨ ਨਾਮੀ ਸਕੂਲਾਂ ਅਤੇ ਚੰਡੀਗੜ੍ਹ ਵਿੱਚ ਮਿਲੀਆਂ ਧਮਕੀਆਂ ਤੋਂ ਬਾਅਦ ਹੁਣ ਅੰਮ੍ਰਿਤਸਰ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਆ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਕਈ ਨਾਮੀ ਸਕੂਲਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਸਕੂਲ ਕੈਂਪਸਾਂ ‘ਚ ਚੈਕਿੰਗ ਜਾਰੀ
ਅੰਮ੍ਰਿਤਸਰ ਦੇ ਕਈ ਵੱਡੇ ਸਕੂਲਾਂ ਵਿੱਚ ਧਮਕੀ ਭਰੀ ਈਮੇਲ ਮਿਲਣ ਦੀ ਸੂਚਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਅੱਧ ਵਿਚਕਾਰ ਹੀ ਛੁੱਟੀ ਕਰਕੇ ਸੁਰੱਖਿਅਤ ਘਰਾਂ ਨੂੰ ਭੇਜ ਦਿੱਤਾ ਹੈ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਸਕੂਲ ਕੈਂਪਸਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਪਿਆਂ ਵਿੱਚ ਭਾਰੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਸਕੂਲਾਂ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ।
ਈਮੇਲ ਫਰੌਡ ਅਤੇ ਸੁਰੱਖਿਆ ਬਾਰੇ DCP ਲਾਅ ਐਂਡ ਆਰਡਰ ਦੀ ਅਹਿਮ ਐਡਵਾਈਜ਼ਰੀ
ਇਸ ਸੰਵੇਦਨਸ਼ੀਲ ਸਥਿਤੀ ਦੌਰਾਨ ਅੰਮ੍ਰਿਤਸਰ ਦੇ ਡੀਸੀਪੀ ਸ੍ਰੀ ਆਲਮ ਵਿਜੈ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਈਮੇਲ ਰਾਹੀਂ ਹੋਣ ਵਾਲੇ ਸੰਚਾਰ ਅਤੇ ਇਸ ਵਿੱਚ ਵਧ ਰਹੇ ਫਰੌਡ ਦੇ ਖ਼ਤਰਿਆਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਸੰਚਾਰ ਦਾ ਸਾਧਨ ਈਮੇਲ ਇੱਕ ਅਜਿਹਾ ਆਧੁਨਿਕ ਡਿਜ਼ਿਟਲ ਸਾਧਨ ਹੈ ਜਿਸ ਦੀ ਵਰਤੋਂ ਸਰਕਾਰੀ, ਦਫ਼ਤਰੀ ਅਤੇ ਨਿੱਜੀ ਕੰਮਾਂ ਲਈ ਕੀਤੀ ਜਾਂਦੀ ਹੈ। ਸਾਵਧਾਨੀ ਦੀ ਲੋੜ ਡੀਸੀਪੀ ਸਾਹਿਬ ਨੇ ਕਿਹਾ ਕਿ ਅੱਜ-ਕੱਲ੍ਹ ਈਮੇਲ ਦੀ ਵਰਤੋਂ ਨਾ ਸਿਰਫ਼ ਸੰਦੇਸ਼ ਭੇਜਣ ਲਈ, ਸਗੋਂ ਧਮਕੀਆਂ ਦੇਣ ਅਤੇ ਠੱਗੀ ਮਾਰਨ ਲਈ ਵੀ ਕੀਤੀ ਜਾ ਰਹੀ ਹੈ। ਨਿੱਜੀ ਜਾਣਕਾਰੀ ਦੀ ਸੁਰੱਖਿਆ ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਅਣਪਛਾਤੀ ਜਾਂ ਸ਼ੱਕੀ ਈਮੇਲ ਨੂੰ ਨਾ ਖੋਲ੍ਹਿਆ ਜਾਵੇ। ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ OTP ਜਾਂ ਬੈਂਕ ਦੇ ਵੇਰਵੇ ਕਿਸੇ ਨਾਲ ਵੀ ਸਾਂਝੇ ਨਾ ਕਰੋ।
ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਦਿਓ ਸੂਚਨਾ
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਈਮੇਲ ਜਾਂ ਸੰਦੇਸ਼ ਪ੍ਰਾਪਤ ਹੁੰਦਾ ਹੈ, ਤਾਂ ਉਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਵੱਲੋਂ ਸਾਈਬਰ ਸੈੱਲ ਦੀ ਮਦਦ ਨਾਲ ਇਨ੍ਹਾਂ ਧਮਕੀ ਭਰੀਆਂ ਮੇਲਾਂ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸੂਬੇ ਭਰ ਵਿੱਚ ਜਨਤਕ ਥਾਵਾਂ ਅਤੇ ਵਿਦਿਅਕ ਸੰਸਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।



