ਲੁਧਿਆਣਾ: ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਇੱਕ ਵਾਰ ਫਿਰ ਵੱਡੀ ਕਰਵਟ ਲੈਣ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਬਾਰਿਸ਼ ਅਤੇ ਹਨੇਰੀ ਆ ਸਕਦੀ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ‘ਯੈਲੋ’ ਅਤੇ ‘ਆਰੇਂਜ’ ਅਲਰਟ ਜਾਰੀ ਕੀਤੇ ਗਏ ਹਨ।
ਪੱਛਮੀ ਗੜਬੜੀ ਕਾਰਨ ਆਵੇਗੀ ਤਬਦੀਲੀ
ਪੀ.ਏ.ਯੂ. ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਸਰਗਰਮ ਹੋ ਰਹੀ ‘ਪੱਛਮੀ ਗੜਬੜੀ’ (Western Disturbance) ਦੇ ਪ੍ਰਭਾਵ ਕਾਰਨ ਅਗਲੇ 48 ਘੰਟਿਆਂ ਵਿੱਚ ਮੌਸਮ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਗਿਆ ਸੀ, ਪਰ ਹੁਣ ਬੱਦਲਵਾਈ ਅਤੇ ਮੀਂਹ ਕਾਰਨ ਇਸ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
7 ਤੇ 8 ਅਪ੍ਰੈਲ ਨੂੰ ਗੜੇਮਾਰੀ ਤੇ ਤੇਜ਼ ਹਨੇਰੀ ਦਾ ਖ਼ਦਸ਼ਾ
ਮੌਸਮ ਵਿਭਾਗ ਅਨੁਸਾਰ 7 ਅਤੇ 8 ਅਪ੍ਰੈਲ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਮੂਸਲਾਧਾਰ ਮੀਂਹ ਪੈ ਸਕਦਾ ਹੈ। ਡਾ. ਕਿੰਗਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਕਈ ਥਾਵਾਂ ‘ਤੇ ਤੇਜ਼ ਹਨੇਰੀ ਚੱਲਣ ਅਤੇ ਗੜੇਮਾਰੀ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਮੌਸਮ ਮਾਹਰਾਂ ਵੱਲੋਂ ਸੂਬੇ ਭਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਕਿਸਾਨਾਂ ਲਈ ਵਿਸ਼ੇਸ਼ ਐਡਵਾਈਜ਼ਰੀ
ਇਹ ਸਮਾਂ ਫ਼ਸਲਾਂ ਦੀ ਕਟਾਈ ਅਤੇ ਪੱਕਣ ਦਾ ਹੋਣ ਕਰਕੇ ਮੌਸਮ ਵਿਗਿਆਨੀਆਂ ਨੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਡਾ. ਪਵਨੀਤ ਕੌਰ ਨੇ ਕਿਹਾ ਕਿ ਕਿਸਾਨ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਆਪਣੀਆਂ ਫ਼ਸਲਾਂ ਦੀ ਸਾਂਭ-ਸੰਭਾਲ ਕਰਨ ਅਤੇ ਖੇਤਾਂ ਵਿੱਚ ਸਿੰਚਾਈ ਜਾਂ ਹੋਰ ਕੰਮਾਂ ਨੂੰ ਫਿਲਹਾਲ ਰੋਕ ਦੇਣ। ਤੇਜ਼ ਹਨੇਰੀ ਅਤੇ ਮੀਂਹ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਖੇਤੀ ਮਾਹਰਾਂ ਦੀਆਂ ਸਲਾਹਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।



