ਤਰਨਤਾਰਨ : ਪੰਜਾਬ ਪੁਲਿਸ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕੈਨੇਡਾ ਸਥਿਤ ਭਾਰਤੀ ਮੂਲ ਦੇ ਨਾਮੀ ਡਰੱਗ ਮਾਫੀਆ ਸ਼ਹਿਨਾਜ਼ ਸਿੰਘ ਉਰਫ਼ ਸ਼ਾਨ ਭਿੰਡਰ ਨੂੰ ਗਲਤ ਤਰੀਕੇ ਨਾਲ ਪਾਸਪੋਰਟ ਜਾਰੀ ਕਰਵਾਉਣ ਵਿੱਚ ਮਦਦ ਕਰਨ ਦੇ ਦੋਸ਼ ਹੇਠ ਦੋ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਐਸ.ਐਸ.ਪੀ. ਤਰਨਤਾਰਨ ਸੁਰੇਂਦਰ ਲਾਂਬਾ ਨੇ ਕਾਰਵਾਈ ਕਰਦਿਆਂ ਸੀਆਈਏ (CIA) ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਏਐਸਆਈ ਲਖਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ?
ਸ਼ਾਨ ਭਿੰਡਰ, ਜੋ ਕਿ ਅਮਰੀਕੀ ਜਾਂਚ ਏਜੰਸੀ FBI ਨੂੰ ਨਸ਼ਾ ਤਸਕਰੀ ਦੇ ਵੱਡੇ ਮਾਮਲਿਆਂ ਵਿੱਚ ਲੋੜੀਂਦਾ ਹੈ, ਨੂੰ 10 ਮਾਰਚ 2025 ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦਾ ਪਾਸਪੋਰਟ ਅੰਮ੍ਰਿਤਸਰ ਦੇ ਖੇਤਰੀ ਪਾਸਪੋਰਟ ਦਫ਼ਤਰ (RPO) ਵੱਲੋਂ ਜ਼ਬਤ ਕੀਤਾ ਗਿਆ ਸੀ। ਹਾਲਾਂਕਿ, ਅਕਤੂਬਰ 2025 ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ, ਉਸ ਨੇ ਮੁੜ ਪਾਸਪੋਰਟ ਹਾਸਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ।
ਪੁਲਿਸ ਅਧਿਕਾਰੀਆਂ ‘ਤੇ ‘ਮਿਲੀਭੁਗਤ’ ਅਤੇ ‘ਗੁੰਮਰਾਹਕੁੰਨ’ ਰਿਪੋਰਟ ਦੇ ਇਲਜ਼ਾਮ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਏਐਸਆਈ ਲਖਵਿੰਦਰ ਸਿੰਘ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਭਿੰਡਰ ਦੇ ਪੱਖ ਵਿੱਚ ਇੱਕ ‘ਗੁੰਮਰਾਹਕੁੰਨ’ ਰਿਪੋਰਟ ਤਿਆਰ ਕੀਤੀ। ਇਹ ਰਿਪੋਰਟ ਉੱਚ ਅਧਿਕਾਰੀਆਂ ਦੇ ਸਹੀ ਚੈਨਲ ਰਾਹੀਂ ਭੇਜਣ ਦੀ ਬਜਾਏ ਸਿੱਧੇ ਅੰਮ੍ਰਿਤਸਰ ਪਾਸਪੋਰਟ ਦਫ਼ਤਰ ਨੂੰ ਭੇਜ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਅਪਰਾਧੀ ਦੇ ਪਾਸਪੋਰਟ ਲਈ ‘ਨੋ ਅਬਜੈਕਸ਼ਨ ਸਰਟੀਫਿਕੇਟ’ (NOC) ਜਾਰੀ ਕਰਨ ਦੀ ਸਿਫ਼ਾਰਸ਼ ਕੀਤੀ, ਜਿਸ ਦੇ ਅਧਾਰ ‘ਤੇ ਉਸ ਨੂੰ ਜ਼ਬਤ ਪਾਸਪੋਰਟ ਵਾਪਸ ਮਿਲ ਗਿਆ।
ਕੀ ਦੇਸ਼ ਛੱਡ ਕੇ ਭੱਜ ਗਿਆ ਭਿੰਡਰ?
ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਪਾਸਪੋਰਟ ਮਿਲਣ ਤੋਂ ਬਾਅਦ ਕੀ ਸ਼ਾਨ ਭਿੰਡਰ ਵਿਦੇਸ਼ ਫਰਾਰ ਹੋ ਚੁੱਕਾ ਹੈ। ਐਸ.ਐਸ.ਪੀ. ਲਾਂਬਾ ਅਨੁਸਾਰ, ਇਸ ਮਾਮਲੇ ਵਿੱਚ FRRO (ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ) ਤੋਂ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਵੱਡੀ ਲਾਪਰਵਾਹੀ ਅਤੇ ਮਿਲੀਭੁਗਤ ਦਾ ਮਾਮਲਾ ਹੈ।
FBI ਅਤੇ DGP ਪੰਜਾਬ ਦੀ ‘ਵੱਡੀ ਸਫਲਤਾ’ ‘ਤੇ ਫਿਰਿਆ ਪਾਣੀ?
ਜ਼ਿਕਰਯੋਗ ਹੈ ਕਿ ਭਿੰਡਰ ਦੀ ਗ੍ਰਿਫਤਾਰੀ ਵੇਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਇੱਕ ‘ਵੱਡੀ ਜਿੱਤ’ ਕਰਾਰ ਦਿੱਤਾ ਸੀ। ਭਿੰਡਰ ‘ਤੇ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਸਿੰਡੀਕੇਟ ਦਾ ਹਿੱਸਾ ਹੋਣ ਦਾ ਦੋਸ਼ ਹੈ। ਅਮਰੀਕਾ ਵਿੱਚ ਉਸ ਦੇ ਸਾਥੀਆਂ ਕੋਲੋਂ ਕਰੋੜਾਂ ਦੀ ਮੈਥਾਮਫੇਟਾਮਾਈਨ ਅਤੇ ਕੋਕੀਨ ਬਰਾਮਦ ਹੋਈ ਸੀ।



