ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋਈ ਹੇਮਕੁੰਡ ਸਾਹਿਬ ਦੀ ਯਾਤਰਾ ਅਗਲੇ ਮਹੀਨੇ ਭਾਵ 4 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਪ੍ਰਸ਼ਾਸਨ ਅਤੇ ਪ੍ਰਬੰਧਕ ਕਮੇਟੀ ਨੇ ਵੀ ਪੁਖਤਾ ਪ੍ਰਬੰਧ ਕਰ ਲਏ ਹਨ।
ਦਰਅਸਲ ਇਹ ਯਾਤਰਾ ਹਰ ਸਾਲ ਮਈ ਜਾਂ ਜੂਨ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਅਗਲੇ ਚਾਰ ਤੋਂ ਪੰਜ ਮਹੀਨੇ ਚੱਲਦੀ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਲੱਗਣ ਕਾਰਨ ਹੇਮਕੁੰਡ ਸਾਹਿਬ ਦੇ ਕਪਾਟ ਦੇਰੀ ਨਾਲ 4 ਸਤੰਬਰ ਨੂੰ ਖੁੱਲ੍ਹ ਰਹੇ ਹਨ ਜਿਸ ਲਈ ਹੇਮਕੁੰਡ ਸਾਹਿਬ ਨਤਮਸਤਕ ਹੋਣ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਸਥਾਨਕ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋੜੀਂਦਾ ਇੰਤਜ਼ਾਮ ਕਰ ਲਏ ਹਨ ਅਤੇ ਸੰਗਤਾਂ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਵਾਰ ਕੋਰੋਨਾ ਮਹਾਂਮਾਰੀ ਕਰਕੇ ਯਾਤਰਾ ਲਈ ਸ਼ਰਧਾਲੂਆਂ ਨੂੰ ਕਿਹੜੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਇਸ ਸੰਬੰਧ ਵਿਚ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਮਿਲਣਾ ਬਾਕੀ ਹੈ ਪਰ ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਹੇਮਕੁੰਡ ਸਾਹਿਬ ਦੀ ਯਾਤਰਾ ਉੱਤੇ ਉਤਰਾਖੰਡ ਦੇ ਬਾਹਰ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਕੋਵਿਡ ਦਾ ਪੀਸੀਆਰ ਟੈਸਟ ਕਰਵਾਉਣ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਉੱਤਰਾਖੰਡ ਸਰਕਾਰ ਦੀ ਵੈੱਬਸਾਇਟ ਤੋਂ ਈ-ਪਾਸ ਲੈ ਕੇ ਹੀ ਯਾਤਰਾ ਦੀ ਆਗਿਆ ਦਿੱਤੀ ਜਾਵੇਗੀ। ਯਾਤਰਾ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ ਅਤੇ ਸ਼ਰਧਾਲੂਆਂ ਦੀ ਥਰਮਲ ਸਕਰੀਨਿੰਗ ਵੀ ਕਰਵਾਈ ਜਾਵੇਗੀ।
