ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਵਿਚ ਸ਼ਾਂਤੀ ਦਾ ਦੇਸ਼ ਮੰਨਿਆ ਜਾਣ ਵਾਲਾ ਸਵੀਡਨ ਇਸ ਵੇਲੇ ਦੰਗਿਆ ਦੀ ਅੱਗ ਵਿਚ ਸੁਲਗ ਰਿਹਾ ਹੈ। ਦਰਅਸਲ ਸੱਜੇ ਪੱਖੀ (Right wing) ਕਾਰਕੁਨਾਂ ਨੇ ਦੱਖਣੀ ਸ਼ਹਿਰ ਮਾਲਮੋ ਵਿਚ ਪਵਿੱਤਰ ਕੁਰਾਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਇਸ ਘਟਨਾ ਦੇ ਵਿਰੋਧ ਵਿਚ 300 ਲੋਕ ਇੱਕਠੇ ਹੋ ਗਏ ਜਿਸ ਤੋਂ ਬਾਅਦ ਦੰਗਾ ਭੜਕ ਉੱਠਿਆ।
ਮੀਡੀਆ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਸੜਕ ਕਿਨਾਰੇ ਖੜੀਆਂ ਕਾਰਾਂ ਨੂੰ ਅੱਗ ਲਗਾ ਦਿੱਤੀ ਅਤੇ ਪੁਲਿਸ ਉੱਤੇ ਵੀ ਪੱਥਰਬਾਜ਼ੀ ਕੀਤੀ ਜਿਸ ਦੌਰਾਨ ਕਈ ਪੁਲਿਸ ਵਾਲੇ ਵੀ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੰਗਿਆਂ ਦੇ ਆਰੋਪ ਵਿਚ 15 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਹਿੰਸਕ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਵੀ ਸੁੱਟਣੇ ਪਏ ਹਨ ਪਰ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ।
ਰਿਪੋਰਟਾਂ ਦੀ ਮੰਨੀਏ ਸਵੀਡਨ ਦੀ ਰਾਸ਼ਟਰਵਾਦੀ ਪਾਰਟੀ ਸਟ੍ਰੈਮ ਕੁਰਸ ਦੇ ਨੇਤਾ ਰੈਸਮਸ ਪਾਲੁਦਨ ਨੂੰ ਗਿਰਫਤਾਰ ਕਰਨ ਦੇ ਵਿਰੋਧ ਵਿਚ ਇਹ ਪੂਰੀ ਘਟਨਾ ਵਾਪਰੀ ਹੈ। ਸ਼ੁੱਕਰਵਾਰ ਨੂੰ ਸੱਜੇ ਪੱਖੀ ਲੀਡਰ ਪਾਲੁਦਨ ਦੇ ਸਮੱਰਥਕਾਂ ਨੇ ਗਿਰਫਤਾਰੀ ਦੇ ਵਿਰੋਧ ਵਿਚ ਮਾਲਮੋ ਦੇ ਇੱਕ ਚੌਰਾਹੇ ਉੱਤੇ ਪਵਿੱਤਰ ਕੁਰਾਨ ਜਲਾਈ ਜਿਸ ਤੋਂ ਬਾਅਦ ਉਸ ਥਾਂ ਵਿਰੋਧ ਪ੍ਰਦਰਸ਼ਨ ਹੋਣ ਕਰਕੇ ਸਥਿਤੀ ਵਿਗੜ ਗਈ ਅਤੇ ਦੰਗਾ ਭੜਕ ਉੱਠਿਆ। ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਪਵਿੱਤਰ ਕੁਰਾਨ ਨੂੰ ਸਾੜਨ ਦਾ ਇਕ ਵੀਡੀਓ ਬਣਾ ਕੇ ਵੀ ਪੋਸਟ ਕੀਤਾ ਗਿਆ ਸੀ। ਉੱਥੇ ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਲੋਕਾਂ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ਉੱਤੇ ਜਮ ਕੇ ਅੱਗਜਨੀ ਅਤੇ ਥਾ-ਥਾਂ ਉੱਤੇ ਭੰਨਤੋੜ ਕੀਤੀ ਗਈ ਹੈ। ਪੁਲਿਸ ਦੁਆਰਾ ਤਣਾਅਪੂਰਨ ਬਣੀ ਸਥਿਤੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।


