ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਲਗਾਤਾਰ ਬਰਕਰਾਰ ਹੈ ਜਿਸ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਵੀਰਵਾਰ ਸ਼ਾਮ ਨੂੰ ਰੂਸ ਦੀ ਰਾਜਧਾਨੀ ਮਾਸਕੋ ਵਿਚ ਮੀਟਿੰਗ ਹੋਈ ਹੈ। ਦੋਣੋਂ ਦੇਸ਼ਾਂ ਦੇ ਵਿਦੇਸ਼ ਮੰਤਰੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਮਾਸਕੋ ਪਹੁੰਚੇ ਸਨ ਜਿੱਥੇ ਦੋਵਾਂ ਦਰਮਿਆਨ ਸੀਮਾ ਉੱਤੇ ਤਣਾਅ ਨੂੰ ਘੱਟ ਕਰਨ ਲਈ ਪੰਜ ਬਿੰਦੂਆਂ ਉੱਤੇ ਸਹਿਮਤੀ ਬਣੀ ਹੈ ਇਸ ਗੱਲ ਦੀ ਜਾਣਕਾਰੀ ਖੁਦ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ।
1.ਸੈਨਿਕਾ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇ ਅਤੇ ਪੂਰੀ ਤਰ੍ਹਾਂ ਫਾਸਲਾ ਬਣਿਆ ਰਹੇ।
2.ਦੋਣਾਂ ਦੇਸ਼ਾਂ ਵਿਚਾਲੇ ਹੋਏ ਤਮਾਮ ਸਮਝੌਤਿਆਂ ਦਾ ਪਾਲਣ ਕੀਤਾ ਜਾਵੇ
3.ਬਾਰਡਰ ਉੱਤੇ ਸ਼ਾਂਤੀ ਅਤੇ ਸਦਭਾਵਨਾ ਬਣਾਉਣ ਲਈ ਕਦਮ ਉਠਾਏ ਜਾਣ
4.ਅਸਹਿਮਤੀ ਨੂੰ ਵਿਵਾਦ ਵਿਚ ਬਦਲਣ ਨਹੀਂ ਦਿੱਤਾ ਜਾਵੇ
5.ਵਿਸ਼ੇਸ਼ ਪ੍ਰਤੀਨਿਧੀ ਵਿਧੀ ਅਤੇ WMCC ਦੀ ਬੈਠਕ ਜਾਰੀ ਰੱਖੀ ਜਾਵੇ
ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿਚ ਐਲਏਸੀ ਉੱਤੇ ਮਈ ਦੀ ਸ਼ੁਰੂਆਤ ਤੋਂ ਹੀ ਤਣਾਅ ਜਾਰੀ ਹੈ। 15-16 ਜੂਨ ਦੀ ਰਾਤ ਨੂੰ ਦੋਵਾਂ ਦੇਸ਼ਾਂ ਦੇ ਸੈਨਿਕਾਂ ਦਰਮਿਆਨ ਹੋਈ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ 29-30 ਅਗਸਤ ਦੀ ਰਾਤ ਚੀਨ ਨੇ ਫਿਰ ਤੋਂ ਘੂਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਸੀਮਾ ਉੱਤੇ ਸਥਿਤੀ ਹੋਰ ਵੀ ਤਣਾਅਪੂਰਨ ਬਣ ਗਈ ਸੀ।ਚੀਨ ਦੀ ਸੈਨਾ ਦੁਆਰਾ ਪੈਂਗੌਗ ਝੀਲ ਦੇ ਦੱਖਣੀ ਕਿਨਾਰੇ ਦੀ ਪਹਾੜੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਭਾਰਤੀ ਜਵਾਨਾਂ ਨੇ ਨਾਕਾਮ ਕਰ ਦਿੱਤਾ ਸੀ। ਉੱਥੇ ਹੀ ਬੀਤੇ ਦਿਨ ਹੋਈ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਿਵੇਂ ਹੀ ਬਾਰਡਰ ਉੱਤੇ ਸਥਿਤੀ ਸੁਧਰਦੀ ਹੈ ਦੋਵੇਂ ਦੇਸ਼ ਵਿਸ਼ਵਾਸ਼ ਬਹਾਲੀ ਲਈ ਮੁੜ ਕਦਮ ਚੁੱਕਣਗੇ।
