ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿੱਥੇ ਇਕ ਪਾਸੇ ਪੰਜਾਬ ਵਿਚ ਕੋਰੋਨਾ ਦੇ ਕੇਸਾਂ ‘ਚ ਗਤੀ ਵੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਪ੍ਰਭਾਵੀ ਮੰਨੀ ਜਾਂਦੀ ਵਿਟਾਮਿਨ-ਸੀ ਦੀ ਮੰਗ ਵੀ ਕਈ ਗੁਣਾਂ ਵੱਧ ਗਈ ਹੈ, ਜਿਸ ਕਰਕੇ ਕੰਪਨੀਆਂ ਵੀ ਇਸ ਮੰਗ ਦਾ ਫਾਇਦਾ ਚੁੱਕਦੀਆਂ ਨਜ਼ਰ ਆ ਰਹੀਆਂ ਹਨ ਅਤੇ ਵਿਟਾਮਿਨ-ਸੀ ਦੀ ਕੀਮਤਾਂ ਵਿਚ ਭਾਰੀ ਇਜ਼ਾਫਾ ਹੋ ਗਿਆ ਹੈ।
ਦਰਅਸਲ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਨੂੰ ਹਰਾਉਣ ਲਈ ਸਰੀਰ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਣਾ ਜਰੂਰੀ ਹੈ ਅਤੇ ਇਨਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਵਿਟਾਮਿਨ-ਸੀ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਦਾਂ ਹੈ। ਕੇਵਲ ਕੋਰੋਨਾ ਹੀ ਨਹੀਂ ਬਲਕਿ ਹੋਰ ਬਿਮਾਰਿਆਂ ਦਾ ਮੁਕਾਬਲਾ ਕਰਨ ਵਿਚ ਵੀ ਇਮਿਊਨਿਟੀ ਸਿਸਟਮ ਸਹਾਈ ਹੁੰਦਾ ਹੈ ਜਿਸ ਕਰਕੇ ਲੋਕਾਂ ਨੇ ਵਿਟਾਮਿਨ ਸੀ ਦੀ ਵਰਤੋਂ ਵੱਡੇ ਪੱਧਰ ਉੱਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦੇ ਇਕ ਮੈਡੀਕਲ ਸਟੋਰ ਮਾਲਕ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਡਾਕਟਰਾਂ ਵੱਲੋਂ ਸਲਾਹ ਦੇਣ ਉੱਤੇ ਵਿਟਾਮਿਨ ਦੀ ਵਰਤੋ ਕਰਦੇ ਸਨ ਪਰ ਹੁਣ ਕੋਰੋਨਾ ਮਹਾਂਮਾਰੀ ਕਰਕੇ ਜਾਗਰੂਕ ਹੋਏ ਲੋਕਾਂ ਨੇ ਇਨ੍ਹਾਂ ਦਵਾਈਆਂ ਨੂੰ ਆਪ ਹੀ ਮੈਡੀਕਲ ਸਟੋਰਾਂ ਤੋਂ ਖਰੀਦਣਾਂ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਮਿਊਨਿਟੀ ਸਿਸਟਮ ਨੂੰ ਮਜਬੂਤ ਕੀਤਾ ਜਾ ਸਕੇ। ਸਿੱਟੇ ਵਜੋਂ ਵਿਟਾਮਿਨ ਦੀ ਮੰਗ ਵੱਧਣ ਕਰਕੇ ਦਵਾਈ ਕੰਪਨੀਆਂ ਨੇ ਇਨ੍ਹਾਂ ਦੀ ਕੀਮਤ ਪਹਿਲਾਂ ਨਾਲੋਂ 50 ਤੋਂ 60 ਫੀਸਦੀ ਤੱਕ ਵਧਾ ਦਿੱਤੀ ਹੈ ਅਤੇ ਕੰਪਨੀਆਂ ਨੇ ਇਨ੍ਹਾਂ ਦਵਾਈਆਂ ਨਾਲ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਸਕੀਮ ਵੀ ਬੰਦ ਕਰ ਦਿੱਤੀ ਹੈ। ਮੈਡੀਕਲ ਸਟੋਰ ਮਾਲਕ ਮੁਤਾਬਕ ਵਿਟਾਮਿਨ ਸੀ ਤੋਂ ਇਲਾਵਾ ਮਲਟੀ-ਵਿਟਾਮਿਨਾਂ ਦੀ ਮੰਗ ਵੀ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਜ਼ੋਰ ਫੜਨ ਲੱਗੀ ਹੈ ਇਸ ਕਰਕੇ ਕੰਪਨੀਆਂ ਨੇ ਕਈ ਤਰ੍ਹਾਂ ਦੀਆਂ ਵਿਟਾਮਿਨਾਂ ਨੂੰ ਮਿਕਸ ਕਰਕੇ ਇਕ ਕੋਮਬੀਨੇਸ਼ਨ ਬਣਾ ਦਿੱਤਾ ਹੈ ਜਿਸ ਨੂੰ ਇਮਿਊਨਿਟੀ ਬੂਸਟਰ ਦਾ ਨਾਮ ਦਿੱਤਾ ਹੈ।
