ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨ ਹੋਈ ਮੀਟਿੰਗ ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਇਸ ਮਾਮਲੇ ਦੀ ਜਾਂਚ ਲਈ ਬਣਾਏ ਗਏ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਉੱਤੇ ਕੀਤੀ ਗਈ ਹੈ ਜਿਸ ਮੁਤਾਬਕ ਕਮੇਟੀ ਨੇ ਸਾਬਕਾ ਮੁੱਖ ਸਕੱਤਰ ਸਮੇਤ 12 ਕਰਮਚਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਪੰਜ ਕਰਮਚਾਰੀਆਂ ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਹੈ, ਜਦਕਿ ਪੰਜ ਕਰਮਚਾਰੀ ਸਸਪੈਂਡ ਕਰ ਦਿੱਤੇ ਗਏ ਹਨ।
ਕਮੇਟੀ ਦੀ ਮੀਟਿੰਗ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ ਸੰਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅੰਤ੍ਰਿੰਗ ਕਮੇਟੀ ਦੀ ਇੱਕਤਰਤਾ ਵਿਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਪ੍ਰਵਾਨ ਕਰਨ ਮਗਰੋਂ ਸਖਤ ਫੈਸਲਾ ਲਿਆ ਗਿਆ ਹੈ ਜਿਸ ਅਨੁਸਾਰ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਜੋ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿਚ ਅਸਮੱਰਥ ਰਹੇ ਅਤੇ ਰਿਕਾਰਡ ਦੇ ਵਿੱਚ ਹੇਰਾਫੇਰੀ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰਨਾ, ਮਿਲੀਭੁਗਤ ਦਾ ਸੰਕੇਤ ਮਿਲਦਾ ਹੈ ਜਿਸ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕੰਵਰਜੀਤ ਸਿੰਘ ਸਹਾਇਕ ਸੁਪਰਵਾਈਸਰ ਜੋ ਸੇਵਾ ਮੁਕਤ ਹੋ ਚੁੱਕਾ ਹੈ, ਦੇ ਫੰਡ ਰਿਲੀਜ਼ ਕਰਨ ‘ਤੇ ਰੋਕ ਲਗਾ ਦਿੱਤੀ ਹੈ ਅਤੇ ਉਸ ਖਿਲਾਫ ਫੌਜਦਾਰੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਜਾਵੇਗਾ। ਬਾਜ ਸਿੰਘ ਕਲਰਕ ਨੂੰ ਡਿਸਮਿਸ ਕੀਤਾ ਜਾਂਦਾ ਹੈ, ਇਸਦੇ ਖਿਲਾਫ ਵੀ ਫੌਜਦਾਰੀ ਮੁਕੱਦਮਾ ਦਰਜ ਹੋਵੇਗਾ। ਗੁਰਬਚਨ ਸਿੰਘ ਮੀਤ ਸਕੱਤਰ ਨੂੰ ਡਿਸਮਿਸ ਕਰਕੇ ਉਸ ਖਿਲਾਫ ਵੀ ਫੌਜਦਾਰੀ ਮੁਕੱਦਮਾ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਦਲਬੀਰ ਸਿੰਘ ਹੇਲਪਰ ਡਿਸਮਿਸ ਕੀਤਾ ਜਾਂਦਾ ਹੈ, ਫੌਜਦਾਰੀ ਪਰਚਾ ਦਰਜ ਹੋਵੇਗਾ। ਕੁਲਵੰਤ ਸਿੰਘ ਅਤੇ ਜਸਪ੍ਰੀਤ ਸਿੰਘ ਜਿਲਦਸਾਜ਼ ਦਾ ਜਿਲਦਾਂ ਦਾ ਠੇਕਾ ਰੱਦ ਕਰਕੇ ਬ੍ਲੈਕ ਲਿਸਟ ਕੀਤਾ ਜਾਂਦਾ ਹੈ। ਸਤਿੰਦਰ ਸਿੰਘ ਮੀਤ ਸਕੱਤਰ ਫਾਈਨੈਂਸ ਸਸਪੈਂਡ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਨਿਸ਼ਾਨ ਸਿੰਘ ਮੀਤ ਸਕੱਤਰ ਸਸਪੈਂਡ ਅਤੇ ਵਿਭਾਗੀ ਕਾਰਵਾਈ ਹੋਵੇਗੀ। ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਸਕੱਤਰ ਸਸਪੈਂਡ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਡਾ ਰੂਪ ਸਿੰਘ ਮੁੱਖ ਸਕੱਤਰ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ। ਸਤਿੰਦਰ ਸਿੰਘ ਕੋਹਲੀ ਸੀ ਏ ਦੀਆਂ ਸੇਵਾਵਾਂ ਖਤਮ ਕਰਨ ਦਾ ਫ਼ੈਸਲਾ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੁਝਾਰ ਸਿੰਗ ਸਹਾਇਕ ਅਕਾਊਂਟੈਂਟ ਨੂੰ ਡਿਸਮਿਸ ਅਤੇ ਫੌਜਦਾਰੀ ਪਰਚਾ ਦਰਜ ਹੋਵੇਗਾ। ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ।ਪਰਮਜੀਤ ਸਿੰਘ ਇੰਚਾਰਜ ਸਸਪੈਂਡ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਗੁਰਮੁਖ ਸਿੰਘ ਸੁਪਰਵਾਈਜ਼ਰ ਸਸਪੈਂਡ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
