ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਯੂਪੀ ਐਸਟੀਐਫ ਦੁਆਰਾ ਐਨਕਾਊਂਟਰ ‘ਚ ਢੇਰ ਕੀਤੇ ਗਏ ਖਤਰਨਾਕ ਗੈਂਗਸਟਰ ਵਿਕਾਸ ਦੁਬੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਯੂਪੀ ਦੇ ਹੀ ਇਕ ਹੋਰ ਗੈਂਗਸਟਰ ਦੀ ਜਮਾਨਤ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਉਸਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੂਪੀ ਦੇ ਇਸ ਗੈਂਗਸਟਰ ਉੱਤੇ 13 ਅਪਰਾਧਿਕ ਮਾਮਲੇ ਦਰਜ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਹੈ ਕਿ ”ਤੁਸੀ ਖਤਰਨਾਕ ਇਨਸਾਨ ਹੋ, ਇਸ ਲਈ ਤੁਹਾਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ ਹੈ”। ਕੋਰਟ ਨੇ ਯੂਪੀ ਦੇ ਖਤਰਨਾਕ ਗੈਂਗਸਟਰ ਵਿਕਾਸ ਦੂਬੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਪਰਾਧੀਆਂ ਨੂੰ ਦਿੱਤੀ ਜਾਣ ਵਾਲੀ ਜ਼ਮਾਨਤ ਕਰਕੇ ਉੱਤਰ ਪ੍ਰਦੇਸ਼ ਸਰਕਾਰ ਪਹਿਲਾਂ ਹੀ ਪਰੇਸ਼ਾਨ ਹੈ। ਵਿਕਾਸ ਦੁਬੇ ਨੂੰ ਜ਼ਮਾਨਤ ਦਿੱਤੀ ਗਈ ਸੀ ਉਸ ਤੋਂ ਬਾਅਦ ਉਸਨੇ ਕੀ ਕੀਤਾ, ਇਹ ਸੱਭ ਨੇ ਵੇਖਿਆ ਹੈ। ਦਰਅਸਲ ਇਕ ਅਪਰਾਧੀ ਜਿਸ ਉੱਤੇ 13 ਮਾਮਲੇ ਦਰਜ ਹਨ, ਉਸਨੇ ਜ਼ਮਾਨਤ ਲਈ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ ਪਰ ਕੋਰਟ ਨੇ ਉਸਨੂੰ ਖਤਰਨਾਕ ਅਪਰਾਧੀ ਦੱਸਦੇ ਹੋਏ ਉਸਦੀ ਇਹ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਵਿਕਾਸ ਦੂਬੇ ਦੇ ਐਨਕਾਊਂਟਰ ਕੇਸ ਦੀ ਸੁਣਵਾਈ ਦੌਰਾਨ ਵੀ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਕੋਈ ਅਪਰਾਧੀ ਇੰਨੇ ਜ਼ਿਆਦਾ ਮਾਮਲਿਆਂ ਵਿਚ ਵੀ ਲੋੜੀਂਦਾ ਹੋਣ ਤੋਂ ਬਾਅਦ ਵੀ ਪੈਰੋਲ ਉੱਤੇ ਰਿਹਾਅ ਕਿਵੇਂ ਹੋ ਗਿਆ ਅਤੇ ਰਿਹਾਅ ਹੋਣ ਤੋਂ ਬਾਅਦ ਵੀ ਉਸ ਨੇ ਪੁਲਿਸ ਉੱਤੇ ਇੰਨਾ ਵੱਡਾ ਅਪਰਾਧ ਕਿਵੇਂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 2 ਜੁਲਾਈ ਦੀ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੂਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਿਕਾਸ ਦੁਬੇ ਫਰਾਰ ਅਤੇ ਉਸਦੇ ਸਾਥੀ ਫਰਾਰ ਹੋ ਗਏ ਸਨ। ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗਿਰਫਤਾਰ ਕੀਤਾ ਗਿਆ ਸੀ ਪਰ ਪੁਲਿਸ ਮੁਤਾਬਕ ਯੂਪੀ ਲਿਆਂਦੇ ਸਮੇਂ ਐਸਟੀਐਫ ਦੀ ਇਕ ਕਾਰ ਜਿਸ ਵਿਚ ਵਿਕਾਸ ਦੁਬੇ ਸਵਾਰ ਸੀ ਉਹ ਪਲਟ ਗਈ ਸੀ, ਉਦੋਂ ਹੀ ਉਸਨੇ ਪੁਲਿਸ ਦੇ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਐਸਟੀਐਫ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਉਸਨੂੰ ਢੇਰ ਕਰ ਦਿੱਤਾ ਸੀ।
