ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਦੇ ਕਹਿਰ ਨੂੰ ਵੱਧਦਾ ਵੇਖ ਪੱਛਮੀ ਬੰਗਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿਚ ਲਾਕਡਾਊਨ ਨੂੰ 31 ਅਗਸਤ ਤੱਕ ਵਧਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਹਫ਼ਤੇ ਵਿਚ ਦੋ ਦਿਨ ਲੱਗਣ ਵਾਲਾ ਲਾਕਡਾਊਨ 31 ਅਗਸਤ ਤੱਕ ਵਧਾਇਆ ਜਾ ਰਿਹਾ ਹੈ।
ਸੀਐਮ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਵਿਚ 2,5, 8, 9, 16, 17, 23, 24 ਅਤੇ 31 ਅਗਸਤ ਨੂੰ ਸੰਪੂਰਨ ਲਾਕਡਾਊਨ ਰਹੇਗਾ ਪਰ 1 ਅਗਸਤ ਨੂੰ ਬਕਰੀਦ ਦੇ ਮੌਕੇ ਲਾਕਡਾਊਨ ਨਹੀਂ ਲੱਗੇਗਾ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਬੰਧਿਤ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਲਾਕਡਾਊਨ ਦੌਰਾਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਬੰਦ ਰਹਿਣਗੇ। ਸਰਕਾਰੀ ਅਤੇ ਨਿੱਜੀ ਵਹਾਨ ਵਹਾਨਾਂ ਦੇ ਚੱਲਣ ਉੱਤੇ ਵੀ ਪਾਬੰਦੀ ਰਹੇਗੀ। ਕੇਵਲ ਜ਼ਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਪੈਟਰੋਲ ਪੰਪਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਰਟ ਵਿਚ ਕੰਮਕਾਜ, ਅੰਤਰਰਾਜੀ ਮਾਲ ਢੁਆਈ ਅਤੇ ਖਾਣੇ ਦੇ ਹੋਮ ਡਿਲਿਵਰੀ ਨੂੰ ਜਾਰੀ ਰੱਖਣ ਦੀ ਇਜ਼ਾਜਤ ਦਿੱਤੀ ਗਈ ਹੈ। ਦੱਸ ਦਈਏ ਕਿ 20 ਜੁਲਾਈ ਤੋਂ ਪੱਛਮੀ ਬੰਗਾਲ ਵਿਚ ਇਕ ਹਫਤੇ ਅੰਦਰ ਦੋ ਦਿਨ ਦੇ ਲਾਕਡਾਊਨ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਨਿਰੰਤਰ ਜਾਰੀ ਹੈ। ਦੂਜੇ ਪਾਸੇ ਸੂਬੇ ਵਿਚ ਕੋਰੋਨਾ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਹਾਲ ਦੇ ਦਿਨਾਂ ‘ਚ ਕੇਸਾਂ ਵਿਚ ਇਜ਼ਾਫਾ ਵੇਖਣ ਨੂੰ ਮਿਲਿਆ ਹੈ। ਪੱਛਮੀ ਬੰਗਾਲ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 59458 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 1411 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 39917 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 19,502 ਹੋ ਗਈ ਹੈ।
