ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖਤਮ ਕੀਤੇ ਜਾਣ ਨੂੰ ਇਕ ਸਾਲ ਦਾ ਸਮਾਂ ਬੀਤ ਗਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਕਈਂ ਪ੍ਰਕਾਰ ਦੀਆਂ ਢਿੱਲਾਂ ਦੇਣ ਦੇ ਨਾਲ-ਨਾਲ ਉੱਥੋ ਦੇ ਕਈਂ ਰਾਜਨੀਤਿਕ ਲੀਡਰਾਂ ਦੀ ਨਜ਼ਰਬੰਦੀ ਵੀ ਖਤਮ ਕਰ ਦਿੱਤੀ ਹੈ ਜਿਸ ਤੋਂ ਬਾਅਦ ਸਿਆਸੀ ਸਰਗਰਮੀ ਵੀ ਸ਼ੁਰੂ ਹੋਣ ਲੱਗ ਪਈ ਹੈ। ਉੱਥੇ ਹੀ ਹੁਣ ਜੰਮੂ ਕਸ਼ਮੀਰ ਦੀਆਂ ਛੇ ਮੁੱਖ ਪਾਰਟੀਆਂ ਨੇ ਸੱਰਬਸਮੰਤੀ ਨਾਲ ਸੰਕਲਪ ਲਿਆ ਹੈ ਕਿ ਉਹ ਜੰਮੂ ਕਸ਼ਮੀਰ ਨੂੰ ਮੁੜ ਤੋਂ ਵਿਸ਼ੇਸ਼ ਦਰਜਾ ਦੇਣ ਦੀ ਬਹਾਲੀ ਲਈ ਸੰਘਰਸ਼ ਕਰਨਗੀਆਂ ਅਤੇ 4 ਅਗਸਤ 2019 ਨੂੰ ਕੀਤੇ ਗਏ ਗੁਪਕਾਰ ਐਲਾਨਨਾਮੇ ਉੱਤੇ ਪਾਬੰਦ ਰਹਿਣਗੀਆਂ।
ਮੀਡੀਆ ਰਿਪੋਰਟਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਲਏ ਗਏ ਫੈਸਲੇ ਦੂਰਅੰਦੇਸ਼ੀ ਦੀ ਘਾਟ ਅਤੇ ਪੂਰੀ ਤਰ੍ਹਾਂ ਅਸੰਵਿਧਾਨਕ ਸੀ। ਵੱਖ-ਵੱਖ ਪਾਰਟੀਆਂ ਨੇ ਕਿਹਾ ਕਿ ਉਹ ਗੁਪਕਾਰ ਐਲਾਨਨਾਮੇ ਦੇ ਪਾਬੰਦ ਹਨ,ਜਿਸ ਦਾ ਐਲਾਨ 4 ਅਗਸਤ 2019 ਨੂੰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੇ ਗੁਪਕਾਰ ਨਿਵਾਸ ਵਿਖੇ ਸਰਬਪਾਰਟੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਸੀ। 4 ਅਗਸਤ 2019 ਦੀ ਮੀਟਿੰਗ ਤੋਂ ਬਾਅਦ ਮਤੇ ਵਿਚ ਕਿਹਾ ਗਿਆ ਹੈ ਕਿ ਪਾਰਟੀਆਂ ਸਰਬਸੰਮਤੀ ਨਾਲ ਐਲਾਨ ਕਰਦੀਆਂ ਹਨ ਕਿ ਉਹ ਜੰਮੂ ਕਸ਼ਮੀਰ ਦੀ ਪਛਾਣ, ਖੁਦਮੁਖਤਿਆਰੀ ਅਤੇ ਵਿਸ਼ੇਸ਼ ਰੁਤਬੇ ਦੀ ਰੱਖਿਆ ਲਈ ਇੱਕਮੁੱਠ ਰਹਿਣਗੇ ਅਤੇ ਧਾਰਾ 35 ਏ ਅਤੇ ਧਾਰਾ 370 ਨੂੰ ਸੋਧ ਜਾਂ ਰਾਜ ਦੀ ਵੰਡ ਜੰਮੂ ਕਸ਼ਮੀਰ ਦੇ ਲੋਕਾਂ ਦੇ ਹਿੱਤਾਂ ਖਿਲਾਫ ਹੋਵੇਗੀ। ਪਾਰਟੀਆਂ ਨੇ ਇਕ ਸਾਲ ਤੋਂ ਵੱਧ ਸਮਾਂ ਗੁਜ਼ਰਨ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਸਾਂਝਾ ਬਿਆਨ ਜਾਰੀ ਕਰ ਕਿਹਾ ਕਿ ਉਹ ਪਿਛਲੇ ਸਾਲ ਦੀ ਘੋਸ਼ਣਾ ਦੀ ਪਾਲਣਾ ਕਰਨਗੇ।
ਸਾਂਝੇ ਬਿਆਨ ਉੱਤੇ ਨੈਸ਼ਨ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ, ਪੀਡੀਪੀ ਦੀ ਅਗਵਾਈ ਵਾਲੀ ਮਹਿਬੂਬਾ ਮੁਫਤੀ, ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ.ਏ.ਮੀਰ, ਸੀਪੀਐਮ ਆਗੂ ਐਮ.ਵਾਈ. ਤਰੀਗਾਮੀ, ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਗਨੀ ਲੋਨ ਅਤੇ ਜੰਮ ਕਸ਼ਮੀਰ ਅਵਾਮੀ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਉੱਪ ਪ੍ਰਧਾਨ ਮੁਜਫਰ ਸ਼ਾਹ ਸ਼ਾਮਲ ਹਨ।
