ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਵਿਚ ਮੁੜ ਤੋਂ ਵੀਕੈਂਡ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਇਸੇ ਤਹਿਤ ਅੱਜ ਸ਼ਨੀਵਾਰ ਅਤੇ ਭਲਕੇ ਐਤਵਾਰ ਨੂੰ ਸੂਬੇ ਦੇ ਵਿਚ ਸਾਰੇ ਬਾਜ਼ਾਰ ਅਤੇ ਮਾਲ ਬੰਦ ਰਹਿਣਗੇ। ਵੀਕੈਂਡ ਲਾਕਡਾਊਨ ਉੱਤੇ ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸ਼ਾਮ ਸਾਢੇ 6 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਉੱਥੇ ਹੀ ਪੰਜਾਬ ਸਰਕਾਰ ਨੇ ਬੀਤੇ ਦਿਨ ਇਸ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ ਜਿਸ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੂਬੇ ਵਿਚ ਸ਼ਾਪਿੰਗ ਮਾਲ ਅਤੇ ਬਜ਼ਾਰਾਂ ਨੂੰ ਸ਼ਾਮ ਸਾਢੇ ਛੇ ਵਜੇ ਤੱਕ ਹੀ ਖੋਲ੍ਹਣ ਦੀ ਆਗਿਆ ਦਿੱਤੀ ਹੈ ਅਤੇ ਵੀਕੈਂਡ ਲਾਕਡਾਊਨ ਭਾਵ ਸ਼ਨੀਵਾਰ ਅਤੇ ਐਤਵਾਰ ਨੂੰ ਕੇਵਲ ਜਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਅਤੇ ਮਾਲ ਬੰਦ ਰਹਿਣਗੇ। ਉੱਥੇ ਹੀ ਧਾਰਮਿਕ ਸਥਾਨ, ਸਪੋਰਟਸ ਅਤੇ ਪਬਲਿਕ ਕੰਪਲੈਕਸਾਂ ਨੂੰ ਵੀ ਸਾਢੇ ਛੇ ਵਜੇ ਤੱਕ ਹੀ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਸ਼ਰਾਬ ਦੇ ਠੇਕੇ ਵੀ ਹਫਤੇ ਦੇ ਸੱਤੋ ਦਿਨ ਸਾਢੇ ਛੇ ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਹੋਟਲਾਂ ਨੂੰ ਖੋਲ੍ਹਣ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਪੂਰੇ ਪੰਜਾਬ ਵਿਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲੱਗਿਆ ਰਹੇਗਾ।
ਦੂਜੇ ਪਾਸੇ ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸ਼ਹਿਰ ਵਿਚ ਸਖਤੀ ਵਧਾ ਦਿੱਤੀ ਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਬਜ਼ਾਰ ਅਤੇ ਸ਼ਰਾਬ ਦੇ ਠੇਕੇ ਵੀਕੈਂਡ ਉੱਤੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਨਾਲ ਹੀ ਲੋਕਾਂ ਦੀ ਆਵਾਜਾਈ ਉੱਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਲੱਗੇਗੀ। ਚੰਡੀਗੜ੍ਹ ਵਿਚ ਰਾਤ ਦੇ ਕਰਫਿਊ ਦਾ ਸਮਾਂ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵੱਲੋਂ ਲਿਆ ਗਿਆ ਹੈ।
