CM ਕੈਪਟਨ ਦੀ ਚਿਤਾਵਨੀ- ਲੋੜ ਪਈ ਤਾਂ 31 ਅਗਸਤ ਤੋਂ ਬਾਅਦ ਚੁੱਕੇ ਜਾਣਗੇ ਹੋਰ ਸਖਤ ਕਦਮ, ਸਤੰਬਰ ‘ਚ ਕੋਰੋਨਾ ਦੇ ਕੇਸ 1 ਲੱਖ ਤੱਕ ਪਹੁੰਚਣ ਦਾ ਜਤਾਇਆ ਖਦਸ਼ਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਹਫਤਾਵਾਰੀ ਪ੍ਰੋਗਰਾਮ ਆਸਕ ਕੈਪਟਨ(#AskCaptain) ਦੇ 16ਵੇਂ ਐਡੀਸ਼ਨ ਦੌਰਾਨ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਮੁੱਖ ਮੰਤਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਹਫਤਾਵਾਰੀ ਪ੍ਰੋਗਰਾਮ ਆਸਕ ਕੈਪਟਨ(#AskCaptain) ਦੇ 16ਵੇਂ ਐਡੀਸ਼ਨ ਦੌਰਾਨ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿਚ ਵਿਆਹ ਅਤੇ ਭੋਗ ਸਮਾਗਮਾਂ ਤੋਂ ਇਲਾਵਾ ਪੰਜ ਤੋਂ ਵਧੇਰੇ ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਸਾਰੇ ਇਕੱਠਾਂ ‘ਤੇ ਰੋਕ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਅਜਿਹੇ ਇਕੱਠ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਪੰਜਾਬੀਆਂ ਦੀ ਜਾਨਾਂ ਬਚਾਉਣ ਲਈ ਜੇਕਰ ਜ਼ਰੂਰਤ ਪਈ ਤਾਂ 31 ਅਗਸਤ ਤੋਂ ਬਆਦ ਹੋਰ ਸਖਤ ਕਦਮ ਵੀ ਚੁੱਕੇ ਜਾਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਧਰਨਿਆਂ ਸਮੇਤ ਸਾਰੇ ਇਕੱਠਾਂ ਤੋਂ ਬਚਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਧਾਰਾ 144 ਦੀ ਕਿਸੇ ਵੀ ਉਲੰਘਣਾਂ ਦੇ ਮਾਮਲੇ ਵਿੱਚ ਅਜਿਹੇ ਇਕੱਠ ਦੇ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਜਿਨ੍ਹਾਂ ਵੱਲੋਂ ਇਕੱਠ ਕਰਕੇ ਜਾਂ ਮਾਸਕਾਂ ਤੋਂ ਬਿਨਾਂ ਇਕੱਠ ਦੀ ਆਗਿਆ ਦੇ ਕੇ ਲੋਕਾਂ ਦੀਆਂ ਜਾਨਾਂ ਨੂੰ ਜ਼ੋਖਮ ਵਿੱਚ ਪਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਕੋਵਿਡ ਮਾਮਲਿਆਂ ਦੀ ਗਿਣਤੀ(ਵੀਰਵਾਰ ਤੱਕ) 37,824 ਤੱਕ ਪੁੱਜ ਗਈ ਹੈ, ਜੋ ਕਿ ਟੈਸਟਿੰਗ ਵਿੱਚ ਕੀਤੇ ਵਾਧੇ ਨਾਲ ਸਾਹਮਣੇ ਆਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਥਿਤੀ ਹੋਰ ਬਦਤਰ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਲੋਕ ਇਸਨੂੰ ਹਲਕੇ ਵਿੱਚ ਲੈ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਪੈ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਬੀਤੇ ਕੱਲ ਐਲਾਨੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ”ਅਸੀਂ ਕਿਉਂ ਨਹੀਂ ਸਮਝ ਰਹੇ ਕਿ ਸੁਰੱਖਿਆ ਉਪਾਅ ਤੁਹਾਡੀਆਂ ਅਤੇ ਹੋਰ ਪੰਜਾਬੀਆਂ ਦੀਆਂ ਜਾਨਾਂ ਬਚਾਉਣ ਲਈ ਜ਼ਰੂਰੀ ਹਨ?” ਇਹ ਦੱਸਦਿਆਂ ਕਿ ਸੂਬਾ ਕੋਵਿਡ ਦੀ ਸਿਖਰ ਵੱਲ ਵਧ ਰਿਹਾ ਹੈ, ਮੁੱਖ ਮੰਤਰੀ ਨੇ ਕਿਹਾ ਕਿ 3 ਸਤੰਬਰ ਤੱਕ ਪੰਜਾਬ ਵਿੱਚ ਕੇਸਾਂ ਦੇ 64000 ਤੱਕ ਪੁੱਜਣ ਦੇ ਕਿਆਸ ਹਨ ਅਤੇ 15 ਸਤੰਬਰ ਤੱਕ ਇਹ ਗਿਣਤੀ ਇਕ ਲੱਖ ਪਾਰ ਕਰ ਜਾਵੇਗੀ। ਸੀਐਮ ਕੈਪਟਨ ਮੁਤਾਬਕ ਲੱਛਣ ਸਾਹਮਣੇ ਆਉਣ ਦੇ 72 ਘੰਟੇ ਦੇ ਵਿਚ ਵਿਚ ਹਸਪਤਾਲ ਨੂੰ ਰਿਪੋਰਟ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾਂਹ-ਪੱਖੀ ਧਾਰਨਾਵਾਂ ਨਹੀਂ ਜੁੜੀਆਂ ਅਤੇ ਉਹ ਖੁਦ ਦੋ ਵਾਰ ਆਪਣਾ ਟੈਸਟ ਕਰਵਾ ਚੁੱਕੇ ਹਨ।

Leave a Reply

Your email address will not be published. Required fields are marked *