ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸਿਬਤ ਦਾ ਪਹਾੜ ਬਣ ਹੋਈਆ ਹੈ। ਇਸ ਵਾਇਰਸ ਦੀ ਅਜੇ ਤੱਕ ਕੋਈ ਵੈਕਸੀਨ ਤਾਂ ਨਹੀਂ ਆਈ ਪਰ ਫਿਰ ਵੀ ਚੀਨ ਵਿਚ ਵੱਡੀ ਗਿਣਤੀ ‘ਚ ਕੋਰੋਨਾ ਪੀੜਤ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਪਰ ਹੁਣ ਇਕ ਵਾਰ ਫਿਰ ਇਨ੍ਹਾਂ ਮਰੀਜਾਂ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ ਜੋ ਕਿ ਚੀਨ ਸਮੇਤ ਦੁਨੀਆ ਲਈ ਕਿਸੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦਾ ਕੇਂਦਰ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਵਿਚ ਡਾਕਟਰਾ ਨੇ ਨਵੀਂ ਚੇਤਾਵਨੀ ਦਿੰਦੇ ਹੋਏ ਦੱਸਿਆ ਹੈ ਕਿ ਕੋਰੋਨਾ ਨੂੰ ਹਰਾ ਕੇ ਰਿਕਵਰੀ ਕਰਨ ਵਾਲੇ 10 ਫ਼ੀਸਦੀ ਮਰੀਜ਼ਾਂ ਵਿਚ ਮੁੜ ਤੋਂ ਇਸ ਮਹਾਮਾਰੀ ਦੇ ਲੱਛਣ ਪਾਏ ਗਏ ਹਨ। ਡਾਕਟਰ ਇਹ ਪਤਾ ਲਗਾਉਣ ਵਿਚ ਲੱਗ ਗਏ ਹਨ ਕਿ ਆਖਿਰਕਾਰ ਠੀਕ ਹੋਏ ਮਰੀਜ਼ਾਂ ਵਿਚ ਕੋਰੋਨਾ ਦੇ ਲੱਛਣ ਮੁੜ ਤੋਂ ਕਿਵੇਂ ਆ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਮਾਹਰਾਂ ਦਾ ਦਾਅਵਾ ਹੈ ਕਿ ਜੇਕਰ ਅਜਿਹੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਤਾਂ ਚੀਨ ਵਿਚ ਕੋਰੋਨਾ ਦਾ ਕਹਿਰ ਇਕ ਵਾਰ ਫਿਰ ਤੋਂ ਵੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਮਰੀਜ਼ਾਂ ਦੇ ਕੀਤੇ ਟੈਸਟਾਂ ਉੱਤੇ ਸਵਾਲ ਵੀ ਖੜ੍ਹੇ ਹੋਣ ਲੱਗੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਟੈਸਟਾਂ ਵਿਚ ਸਹੀ ਤਰੀਕੇ ਨਾਲ ਜਾਂਚ ਨਾ ਹੋਣ ਕਰਕੇ ਇਨ੍ਹਾਂ ਦੀ ਪਹਿਲੀ ਰਿਪੋਰਟ ਗਲਤ ਵੀ ਦਿੱਤੀ ਹੋ ਸਕਦੀ ਹੈ । ਤਾਜਾ ਅੰਕੜਿਆਂ ਅਨੁਸਾਰ ਚੀਨ ਵਿਚ ਇਸ ਵੇਲੇ 81,285 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 74051 ਤੋਂ ਵੱਧ ਲੋਕਾਂ ਦੇ ਠੀਕ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ ਜਦਕਿ 3292 ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ।

