ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੈਪਟਨ ਸਰਕਾਰ ਦੁਆਰਾ ਚੋਣਾਂ ਦੌਰਾਨ ਸਮਾਰਟਫੋਨ ਵੰਡਣ ਦਾ ਕੀਤਾ ਗਿਆ ਵਾਅਦਾ ਹੁਣ ਜਲਦ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਸੂਬਾ ਸਰਕਾਰ ਨੇ ਭਲਕੇ 12 ਅਗਸਤ ਤੋਂ ਸਮਾਰਫੋਨ ਵੰਡਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਸੱਭ ਤੋਂ ਪਹਿਲਾਂ ਇਹ ਫੋਨ 12ਵੀਂ ਦੇ ਵਿਦਿਆਰਥੀਆਂ/ ਵਿਦਿਆਰਥਣਾਂ ਨੂੰ ਵੰਡੇ ਜਾਣਗੇ।
ਦਰਅਸਲ ਪਿਛਲੇ ਬੁੱਧਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਸਰਕਾਰੀ ਸਕੂਲਾਂ ’ਚ ਪੜਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ, ਜੋ ਕਿ ਇਸ ਸਾਲ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਆਨਲਾਈਨ ਢੰਗ ਨਾਲ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਨੂੰ ਨਵੰਬਰ ਮਹੀਨੇ ਤੱਕ 1,73,823 ਸਮਾਰਟ ਫੋਨ ਵੰਡਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਦੀ ਸ਼ੁਰੂਆਤ ਭਲਕੇ 12 ਅਗਸਤ ਤੋਂ ਹੋਣ ਜਾ ਰਹੀ ਹੈ ਇਸ ਲਈ ਸਰਕਾਰ ਨੇ ਹਰ ਜ਼ਿਲ੍ਹੇ ਵਿਚ ਨੋਡਲ ਅਫਸਰ ਨਿਯੁਕਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਅਧੀਨ 50 ਹਜ਼ਾਰ ਸਮਾਰਟਫੋਨ ਵੰਡਣ ਦਾ ਟਿੱਚਾ ਰੱਖਿਆ ਗਿਆ ਹੈ।
ਇਹ ਸਮਾਰਟਫੋਨ ਲਾਵਾ ਕੰਪਨੀ ਦੇ ਹਨ ਜਿਸ ਦੀਆਂ ਹੁਣ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਇਸ ਨੂੰ ਕੈਪਟਨ ਸਮਾਰਟ ਕੋਨੈਕਟ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਉੱਤੇ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲੱਗੀ ਹੋਈ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਸਰਕਾਰ ਬਣਨ ਉੱਤੇ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਸਮਾਰਫੋਨ ਵੰਡਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਸਰਕਾਰ ਬਣੀ ਨੂੰ ਤਿੰਨ ਸਾਲ ਬੀਤ ਜਾਣ ਮਗਰੋਂ ਇਹ ਵਾਅਦਾ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।

