ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਅੱਜ ਵੀਰਵਾਰ ਨੂੰ ਹੋਈ ਸਮੀਖਿਆ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਕਈ ਵੱਡੇ ਫੈਸਲੇ ਕੀਤੇ ਹਨ। ਦਰਅਸਲ ਸਰਕਾਰ ਨੇ ਸੂਬੇ ਦੇ ਸ਼ਾਰੇ ਸ਼ਹਿਰਾਂ ਵਿਚ ਨਾਇਟ ਕਰਫਿਊ ਦਾ ਸਮਾਂ ਵਧਾ ਦਿੱਤਾ ਹੈ। ਹੁਣ ਪੂਰੇ ਸੂਬੇ ਵਿਚ ਭਲਕੇ ਸ਼ੁੱਕਰਵਾਰ ਤੋਂ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲੱਗਿਆ ਰਹੇਗਾ।
ਇਸ ਤੋਂ ਇਲਾਵਾ ਸਰਕਾਰ ਨੇ ਵਿਆਹਾਂ ਅਤੇ ਅੰਤਿਮ ਸਸਕਾਰਾਂ ਉੱਤੇ ਨਿਯਮਾਂ ਤਹਿਤ ਕੀਤੇ ਜਾਂਦੇ ਇੱਕਠਾਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਸਮਾਗਮਾਂ ਉੱਤੇ ਪੂਰਨ ਤੌਰ ਉੱਤੇ 31 ਅਗਸਤ ਤੱਕ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਕ ਵਾਰ ਫਿਰ ਸੂਬੇ ਵਿਚ ਵੀਕੈਂਡ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ ਭਾਵ ਹੁਣ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਸੂਬੇ ਵਿਚ ਲਾਕਡਾਊਨ ਰਹੇਗਾ।
ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਾਈਵੇਟ ਅਤੇ ਸਰਕਾਰੀ ਦਫਤਰਾਂ ਵਿਚ 50 ਫੀਸਦੀ ਸਟਾਫ ਨਾਲ ਕੰਮ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਹੇ 5 ਜ਼ਿਲ੍ਹਿਆਂ ਵਿਚ 50 ਫੀਸਦੀ ਗੈਰ-ਜਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ 50 ਫੀਸਦੀ ਸਵਾਰੀਆਂ ਅਤੇ ਕਾਰਾਂ ਵਿਚ ਕੇਵਲ ਤਿੰਨ ਵਿਅਕਤੀ ਦੇ ਬੈਠਣ ਦੀ ਆਗਿਆ ਹੋਵੇਗੀ। ਇਹ ਹੁਕਮ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ ਲਈ ਲਾਗੂ ਹੋਣਗੇ।
