ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਵਿਚ ਹਰ ਦਿਨ ਤੇਜ਼ੀ ਨਾਲ ਵੱਧ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰ ਵੀ ਇਸ ਮਹਾਂਮਾਰੀ ਨਾਲ ਸੰਕਰਮਿਤ ਹੋ ਰਹੇ ਹਨ। ਉੱਥੇ ਹੀ ਕੁੱਝ ਦਿਨ ਪਹਿਲਾਂ ਆਪਣੀ ਡਿਊਟੀ ਨਿਭਾਉਂਦੇ ਹੋਏ ਕੋਰੋਨਾ ਦੀ ਚਪੇਟ ਵਿਚ ਆਏ ਅੰਮ੍ਰਿਤਸਰ ਸਿਵਿਲ ਹਸਪਤਾਲ ਦੇ ਐਸਐਮਓ ਡਾ. ਅਰੁਣ ਸ਼ਰਮਾ ਨੇ ਅੱਜ ਐਤਵਾਰ ਸਵੇਰੇ ਦਮ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਖੁਦ ਸਿਹਤ ਮੰਤਰੀ ਬਲਬੀਰ ਸਿੱਧੂ ਮੌਜੂਦ ਰਹੇ ਹਨ।
ਜਾਣਕਾਰੀ ਅਨੁਸਾਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਲਗਭਗ 10 ਦਿਨਾਂ ਤੋਂ ਡਾ. ਅਰੁਣ ਸ਼ਰਮਾ ਦਾ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਕੁੱਝ ਦਿਨ ਪਹਿਲਾਂ ਹਸਪਤਾਲ ਵਿਚ ਇਲਾਜ ਦੌਰਾਨ ਨੱਚਦੇ ਹੋਇਆ ਦੀ ਵੀਡੀਓ ਵੀ ਵਾਇਰਲ ਹੋਈ ਸੀ। ਵੀਡੀਓ ਵਿਚ ਇਲਾਜ਼ ਕਰ ਰਹੇ ਡਾਕਟਰ ਉਨ੍ਹਾਂ ਦਾ ਹੌਸਲਾ ਵਧਾਉਂਦੇ ਵਿਖਾਈ ਦੇ ਰਹੇ ਸਨ ਪਰ ਉਨ੍ਹਾਂ ਦੀ ਸਿਹਤ ਅਚਾਨਕ ਜ਼ਿਆਦਾ ਖਰਾਬ ਹੋ ਗਈ ਅਤੇ ਅੱਜ ਐਤਵਾਰ ਨੂੰ ਉਨ੍ਹਾਂ ਨੇ ਆਖਰੀ ਸਾਂਹ ਲਏ ਜਿਸ ਤੋਂ ਬਾਅਦ ਉਨ੍ਹਾਂ ਦਾ ਪੂਰੇ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੁਖਦਾਈ ਘੜੀ ਵਿਚ ਖੁਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੇ ਪਰਿਵਾਰ ਨਾਲ ਸ਼ੌਕ ਜਤਾਉਣ ਪਹੁੰਚੇ ਅਤੇ ਅੰਤਿਮ ਸਸਕਾਰ ‘ਤੇ ਸ਼ਾਮਲ ਹੋਏ।
ਉੱਥੇ ਹੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ”ਸੀਨੀਅਰ ਮੈਡੀਕਲ ਅਫਸਰ ਡਾ. ਅਰੁਣ ਸ਼ਰਮਾ ਦੇ ਕੋਰੋਨਾ ਵਾਇਰਸ ਨਾਲ ਹੋਏ ਅਚਾਨਕ ਦੇਹਾਂਤ ਦਾ ਡੂੰਘਾ ਸਦਮਾ ਲੱਗਿਆ ਹੈ। ਡਾ. ਸ਼ਰਮਾ ਸਿਹਤ ਵਿਭਾਗ ਦੇ ਇਕ ਕਾਬਿਲ ਅਤੇ ਮਿਹਨਤੀ ਅਫ਼ਸਰਾਂ ਵਿਚੋਂ ਇਕ ਸਨ ਜੋ ਸਿਰਫ 53 ਸਾਲ ਦੇ ਸਨ। ਉਹ ਮਾਰਚ ਤੋਂ ਹੀ ਕੋਵਿਡ -19 ਦੇ ਖਿਲਾਫ ਫਰੰਟ ਲਾਈਨ ’ਤੇ ਉਤਸ਼ਾਹ ਨਾਲ ਜਿਲ੍ਹਾ ਹਸਪਤਾਲ ਅੰਮ੍ਰਿਤਸਰ ਵਿੱਚ ਆਪਣੀ ਡਿਊਟੀ ਨਿਭਾ ਰਹੇ ਸੀ। ਡਾ. ਸ਼ਰਮਾ ਦੇ ਜਾਣ ਨਾਲ ਪਰਿਵਾਰ ਦਾ ਹੀ ਨਹੀਂ ਬਲਕਿ ਸਿਹਤ ਵਿਭਾਗ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਵਿਭਾਗ ਹਮੇਸ਼ਾ ਉਨ੍ਹਾਂ ਦੀਆਂ ਸੁਹਿਰਦ ਸੇਵਾਵਾਂ ਲਈ ਕਰਜ਼ਦਾਰ ਰਹੇਗਾ ਅਤੇ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਸਾਡੇ ਲਈ ਪੇ੍ਰਰਣਾ ਦਾ ਸਰੋਤ ਹੋਣਗੀਆਂ”।



