ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਕਰਕੇ ਲਗਾਏ ਲਾਕਡਾਊਨ ਨੂੰ ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਪਹਿਲਾਂ ਅਨਲਾਕ-1 ਫਿਰ ਅਨਲਾਕ-2 ਦੇ ਤਹਿਤ ਕਈ ਪ੍ਰਕਾਰ ਦੀਆਂ ਢਿੱਲਾ ਦੇ ਦਿੱਤੀਆਂ ਹਨ। ਅਨਲਾਕ -2 ਦੀ ਮਿਆਦ 31 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ ਜਿਸ ਕਰਕੇ ਹੁਣ ਅਨਲਾਕ -3 ਦੇ ਲਈ ਵੀ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮੀਡੀਆ ਵਿਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਅਨਲਾਕ-3 ਵਿਚ ਸੋਸ਼ਲ ਡਿਸਟੈਂਸਿੰਗ ਨਾਲ ਸਿਨੇਮਾ ਹਾਲ ਖੋਲ੍ਹੇ ਜਾ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਸੂਚਨਾ ਪ੍ਰਸਾਰਨ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੇ ਇਕ ਪ੍ਰਸਤਾਵ ਭੇਜਿਆ ਹੈ ਜਿਸ ਵਿਚ ਇਕ ਅਗਸਤ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਗੱਲ ਕਹੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੂਚਨਾ ਪ੍ਰਸਾਰਨ ਮੰਤਰਾਲੇ ਅਤੇ ਸਿਨੇਮਾ ਹਾਲ ਮਾਲਕਾਂ ਵਿਚ ਪਹਿਲਾਂ ਕਈ ਦੌਰ ਦੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਥੀਏਟਰ ਮਾਲਕ 50 ਫੀਸਦੀ ਦਰਸ਼ਕਾਂ ਨਾਲ ਥੀਏਟਰਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ ਹੋ ਗਏ ਹਨ। ਹਾਲਾਂਕਿ ਮੰਤਰਾਲਾ ਇਹ ਚਾਹੁੰਦਾ ਹੈ ਕਿ ਥੀਏਟਰਾਂ ਨੂੰ ਸ਼ੁਰੂਆਤ ਵਿਚ 25 ਫੀਸਦੀ ਸੀਟਾਂ ਨਾਲ ਖੋਲ੍ਹਿਆ ਜਾਵੇ ਅਤੇ ਇਸ ਦੌਰਾਨ ਸਖਤੀ ਨਾਲ ਨਿਯਮਾਂ ਦੀ ਪਾਲਣਾ ਹੋਵੇ। ਰਿਪੋਰਟਾਂ ਦੀ ਮੰਨੀਏ ਤਾਂ ਅਨਲਾਕ-3 ਵਿਚ ਕੇਵਲ ਸਿਨੇਮਾ ਹਾਲ ਹੀ ਨਹੀਂ ਬਲਕਿ ਜ਼ਿੰਮ ਖੋਲ੍ਹਣ ਨੂੰ ਵੀ ਮੰਜੂਰੀ ਮਿਲ ਸਕਦੀ ਹੈ, ਜਦਕਿ ਸਕੂਲ ਅਤੇ ਮੈਟਰੋ ਸੇਵਾਵਾਂ ਨੂੰ ਸ਼ੁਰੂ ਕਰਨ ਲਈ ਵਿਚਾਰ ਨਹੀਂ ਕੀਤਾ ਗਿਆ ਹੈ ਪਰ ਸੂਬਿਆਂ ਲਈ ਅਨਲਾਕ-3 ਵਿਚ ਕੁੱਝ ਹੋਰ ਢਿੱਲਾਂ ਦਿੱਤੀਆਂ ਜਾ ਸਕਦੀਆਂ ਹਨ। ਦੱਸ ਦਈਏ ਕਿ ਲਾਕਡਾਊਨ ਹਟਾਉਣ ਤੋਂ ਬਾਅਦ ਦੇਸ਼ ਦੀ ਜਨਤਾਂ ਨੂੰ ਪਹਿਲਾਂ 1 ਜੂਨ ਤੋਂ 30 ਜੂਨ ਤੱਕ ਢਿੱਲਾਂ ਦਿੱਤੀਆਂ ਗਈਆਂ ਸਨ ਅਤੇ ਫਿਰ 1 ਜੁਲਾਈ ਤੋਂ 31 ਜੁਲਾਈ ਲਈ ਅਨਲਾਕ-2 ਦੇ ਤਹਿਤ ਹੋਰ ਜ਼ਿਆਦਾ ਰਿਆਇਤਾਂ ਦਾ ਐਲਾਨ ਕੀਤਾ ਗਿਆ ਸੀ।
