ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਤਾਲਿਬਾਨ ਦੀ ਕੈਦ ਵਿਚੋਂ ਛੁਡਾਏ ਗਏ ਅਫਗਾਨਿਸਤਾਨ ਦੇ ਰਹਿਣ ਵਾਲੇ ਨਿਦਾਨ ਸਿੰਘ ਨੂੰ ਅੱਜ ਐਤਵਾਰ ਨੂੰ ਭਾਰਤ ਲਿਆਇਆ ਗਿਆ ਹੈ। ਨਿਦਾਨ ਸਿੰਘ ਸਮੇਤ 11 ਹੋਰ ਸਿੱਖ ਵੀ ਭਾਰਤ ਆਏ ਸਨ। ਇਨ੍ਹਾਂ ਸਾਰੇ ਸਿੱਖਾਂ ਨੂੰ ਕਾਬੁਲ ਤੋਂ ਦਿੱਲੀ ਲਿਆਉਣ ਲਈ ਵਿਸ਼ੇਸ਼ ਜਹਾਜ਼ ਦੀ ਵਿਵਸਥਾ ਕੀਤੀ ਗਈ ਸੀ ਅਤੇ ਦਿੱਲੀ ਏਅਰਪੋਰਟ ਪਹੁੰਚਣ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਕਈ ਸਿੱਖ ਆਗੂਆਂ ਨੇ ਇਨ੍ਹਾਂ ਦਾ ਸਵਾਗਤ ਕੀਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਨਿਦਾਨ ਸਿੰਘ ਨੂੰ ਇਕ ਮਹੀਨਾ ਪਹਿਲਾਂ ਤਾਲਿਬਾਨ ਨੇ ਅਗਵਾ ਕਰ ਲਿਆ ਸੀ। ਨਿਦਾਨ ਸਿੰਘ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਰਿਹਾਈ ਲਈ ਪੱਤਰ ਲਿਖਿਆ ਸੀ। ਨਿਦਾਨ ਸਿੰਘ ਦਾ ਅਪਹਰਣ 17 ਜੂਨ ਨੂੰ ਅਫਗਾਨਿਸਤਾਨ ਦੇ ਪਕਟੀਆ ਗੁਰਦੁਆਰਾ ਸਾਹਿਬ ਤੋਂ ਕੀਤਾ ਗਿਆ ਸੀ ਅਤੇ ਲਗਭਗ ਇਕ ਮਹੀਨੇ ਬਾਅਦ ਉਨ੍ਹਾਂ ਦੀ ਰਿਹਾਈ ਹੋਈ ਹੈ। ਨਿਦਾਨ ਸਿੰਘ ਦੇ ਨਾਲ ਇਕ 16 ਸਾਲ ਦੀ ਨਾਬਾਲਿਗ ਸਿੱਖ ਲੜਕੀ ਸਨਮੀਤ ਕੌਰ ਵੀ ਆਈ ਹੈ ਜਿਸ ਨੂੰ ਤਾਲਿਬਾਨ ਦੁਆਰਾ ਅਗਵਾ ਕਰਕੇ ਉਸ ਦਾ ਜਬਰਸਤੀ ਉਸਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਸਿੱਖ ਲੰਬੀ ਮਿਆਦ ਦੇ ਵੀਜ਼ੇ ਤਹਿਤ ਭਾਰਤ ਆਏ ਹਨ ਅਤੇ ਨਾਗਰਿਕਤਾ ਸੋਧ ਕਾਨੂੰਨ ਅਧੀਨ ਇਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਕਾਬੁਲ ਵਿਚ ਸਿੱਖ ਭਾਈਚਾਰੇ ਦੇ ਆਗੂ ਚਾਬੁਲ ਸਿੰਘ ਨੇ ਦੱਸਿਆ ਹੈ ਕਿ ਸਾਨੂੰ 11 ਲੋਕਾਂ ਨੂੰ ਛੇ ਮਹੀਨੇ ਲਈ ਵੀਜ਼ਾ ਮਿਲਿਆ ਹੈ। ਇਨ੍ਹਾਂ ਵਿਚ ਨਿਦਾਨ ਸਿੰਘ ਵੀ ਸ਼ਾਮਲ ਹਨ ਜੋ ਤਾਲਿਬਾਨ ਦੀ ਕੈਦ ਦੌਰਾਨ ਜ਼ੁਲਮਾਂ ਦੇ ਚੱਲਦੇ ਕਾਫੀ ਬੀਮਾਰ ਹਨ। ਇਸਦੇ ਨਾਲ ਹੀ ਕਾਬੁਲ ਵਿਚ ਮਾਰੇ ਗਏ ਦੋ ਭਰਾਵਾਂ ਦੇ ਪਰਿਵਾਰ ਵੀ ਭਾਰਤ ਆਏ ਹਨ।

