ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਅਨਲੌਕ-4 ਦੇ ਲਈ ਗਾਈਡਲਾਈਨਜ਼ ਜਾਰੀ ਕਰ ਚੁੱਕੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਅਨਲੌਕ-4 ਨੂੰ ਲੈ ਕੇ ਆਪਣੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅੱਜ 1 ਸਤੰਬਰ ਤੋਂ ਸ਼ੁਰੂ ਹੋ 30 ਸਤੰਬਰ ਤੱਕ ਰਹਿਣ ਵਾਲੇ ਅਨਲੌਕ-4 ਵਿਚ ਵੀ ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖਤੀ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ ਜਿਸ ਮੁਤਾਬਕ ਸੂਬੇ ਵਿਚ ਵੀਕੈਂਡ ਲਾਕਡਾਊਨ ਪਹਿਲਾਂ ਦੀ ਤਰ੍ਹਾਂ ਹੀ ਲੱਗਿਆ ਰਹੇਗਾ ਅਤੇ ਨਾਈਟ ਕਰਫਿਊ ਦੇ ਸਮੇਂ ਵਿਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਸੂਬੇ ਵਿਚ ਨਾਇਟ ਕਰਫਿਊ ਪਹਿਲਾਂ ਦੀ ਤਰ੍ਹਾਂ ਹੀ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਰਹੇਗਾ।
ਸੂਬੇ ਭਰ ਵਿੱਚ ਸਾਰੇ ਸਮਾਜਿਕ, ਸਿਆਸੀ, ਧਾਰਮਿਕ ਇਕੱਠਾਂ, ਧਰਨਿਆਂ ਅਤੇ ਰੋਸ ਮੁਜਾਹਰਿਆਂ ‘ਤੇ ਪਾਬੰਦੀ ਲਾਉਂਦੀ ਸੀ.ਆਰ.ਪੀ.ਸੀ ਦੀ ਧਾਰਾ 144 ਲਾਗੂ ਰਹੇਗੀ।
ਵਿਆਹ ਅਤੇ ਅੰਤਮ ਸਸਕਾਰ ਸਬੰਧੀ ਇਕੱਠਾਂ ਵਿੱਚ ਕ੍ਰਮਵਾਰ 30 ਅਤੇ 20 ਵਿਅਕਤੀ ਹੀ ਸ਼ਾਮਲ ਹੋ ਸਕਣਗੇ।
ਮਿਉਂਸਪਲ ਖੇਤਰਾਂ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ ਜਦਕਿ ਵਿਅਕਤੀਆਂ ਦੀ ਪੰਜਾਬ ਦੇ ਸਾਰੇ ਸ਼ਹਿਰਾਂ ਦੀਆ ਮਿਉਂਸਪਲ ਹੱਦਾਂ ਵਿੱਚ ਪੂਰੇ ਹਫਤੇ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਗੈਰ-ਜ਼ਰੂਰੀ ਕੰਮਾਂ ਲਈ ਆਵਾਜਾਈ ਪਾਬੰਦੀ ਤਹਿਤ ਰਹੇਗੀ।
ਧਾਰਮਿਕ ਸਥਾਨਾਂ ਨੂੰ ਸਾਰੇ ਦਿਨ ਸ਼ਾਮ 6.30 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੋਵੇਗੀ ।
ਦੁਕਾਨਾਂ/ਮਾਲਜ਼ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੋਲ੍ਹਣ ਦਾ ਸਮਾਂ ਸ਼ਾਮ 6.30 ਵਜੇ ਤੱਕ ਹੋਵੇਗਾ ਪਰ ਸ਼ਨਿਚਰਵਾਰ ਤੇ ਐਤਵਾਰ ਨੂੰ ਸਾਰੇ ਸ਼ਹਿਰਾਂ ਵਿੱਚ ਇਹ ਬੰਦ ਰਹਿਣਗੇ।
ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਅੰਤਲੇ ਦਿਨਾਂ (ਸ਼ਨਿਚਰਵਾਰ ਤੇ ਐਤਵਾਰ) ਵਿੱਚ ਵੀ ਸ਼ਾਮ 6.30 ਵਜੇ ਤੱਕ ਜ਼ਰੂਰ ਖੁੱਲ੍ਹ ਸਕਦੀਆਂ ਹਨ।
ਵਾਹਨਾਂ ਵਿੱਚ ਸਵਾਰੀਆਂ ਦੀ ਸਮਰੱਥਾ ਉਤੇ ਲਗਾਈਆਂ ਬੰਦਿਸ਼ਾਂ ਲਾਗੂ ਰਹਿਣਗੀਆਂ ਜਿਵੇਂ ਕਿ ਚਾਰ ਪਹੀਆ ਵਾਹਨ ਵਿੱਚ ਡਰਾਈਵਰ ਸਣੇ ਸਰਫ 3 ਸਵਾਰੀਆਂ ਬੈਠ ਸਕਣਗੀਆਂ ਅਤੇ ਸਾਰੀਆਂ ਬੱਸਾਂ ਤੇ ਜਨਤਕ ਟਰਾਂਸਪੋਰਟ ਵਾਹਨ 50 ਫੀਸਦੀ ਸਮਰੱਥਾ ਨਾਲ ਚੱਲਣਗੇ ਜਿਨ੍ਹਾਂ ਵਿੱਚ ਕੋਈ ਵੀ ਵਿਅਕਤੀ ਖੜ੍ਹਾ ਨਹੀਂ ਸਫਰ ਕਰੇਗਾ।
ਸਰਕਾਰੀ ਤੇ ਪ੍ਰਾਈਵੇਟ ਦਫਤਰ ਇਸ ਮਹੀਨੇ ਦੇ ਅੰਤ ਤੱਕ 50 ਫੀਸਦੀ ਸਟਾਫ ਸਮਰੱਥਾ ਨਾਲ ਕੰਮ ਕਰਨਗੇ।
ਬੁਰੀ ਤਰ੍ਹਾਂ ਪ੍ਰਭਾਵਿਤ ਪੰਜ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੁਹਾਲੀ ਤੇ ਲੁਧਿਆਣਾ ਵਿੱਚ ਨਿਰਧਾਰਤ ਦਿਨ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ 50 ਫੀਸਦੀ ਖੋਲ੍ਹਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ।
