ਵਿਸ਼ਵ ਲਿਵਰ ਦਿਵਸ 2026: ‘ਦ ਲੈਂਸੇਟ’ ਨੇ ਵਿਸ਼ਵ ਪੱਧਰ ‘ਤੇ ਲਿਵਰ ਬੀਮਾਰੀਆਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ, ਪੰਜਾਬ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਤਿਆਰੀ ਤੇਜ਼ ਕੀਤੀ, ਸਕ੍ਰੀਨਿੰਗ ਦਾ ਵਿਸਥਾਰ

ਚੰਡੀਗੜ੍ਹ,18 ਅਪ੍ਰੈਲ 2026: ਦੁਨੀਆ ਭਰ ਵਿੱਚ 19 ਅਪ੍ਰੈਲ ਨੂੰ ‘ਸਾਲਿਡ ਹੈਬਿਟਸ, ਸਟ੍ਰਾਂਗ ਲਿਵਰ’ (‘ਸਿਹਤਮੰਦ ਆਦਤਾਂ, ਸਿਹਤਮੰਦ ਲਿਵਰ ’) ਦੇ ਥੀਮ ਉੱਤੇ ਮਨਾਏ ਜਾਣ ਵਾਲੇ ਵਿਸ਼ਵ…

Punjab’s War on Drugs: Crackdown Intensifies Under Mann Govt, Cases Up 40%, Seizures Spike Across Key Narcotics

ਚੰਡੀਗੜ੍ਹ,18 ਅਪ੍ਰੈਲ 2026:

ਦੁਨੀਆ ਭਰ ਵਿੱਚ 19 ਅਪ੍ਰੈਲ ਨੂੰ ‘ਸਾਲਿਡ ਹੈਬਿਟਸ, ਸਟ੍ਰਾਂਗ ਲਿਵਰ’ (‘ਸਿਹਤਮੰਦ ਆਦਤਾਂ, ਸਿਹਤਮੰਦ ਲਿਵਰ ’) ਦੇ ਥੀਮ ਉੱਤੇ ਮਨਾਏ ਜਾਣ ਵਾਲੇ ਵਿਸ਼ਵ ਲਿਵਰ ਦਿਵਸ ਦੇ ਮੌਕੇ, ‘ਦ ਲੈਂਸੇਟ’ ਦੀ ਇੱਕ ਚੇਤਾਵਨੀ ਨੇ ਲਿਵਰ ਬੀਮਾਰੀਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਿਸ਼ਵ ਪੱਧਰੀ ਵਾਧੇ ਨੂੰ ਉਜਾਗਰ ਕੀਤਾ ਹੈ। ਰਿਪੋਰਟ ਮੁਤਾਬਕ ‘ਮੈਟਾਬੋਲਿਕ ਡਿਸਫੰਕਸ਼ਨ-ਅਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼’(ਐਮਏਐਸਐਲਡੀ)  ਦੇ ਮਾਮਲਿਆਂ ਵਿੱਚ 2050 ਤੱਕ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਚਿੰਤਾਜਨਕ ਸਥਿਤੀ ਦੇ ਦਰਮਿਆਨ, ਪੰਜਾਬ ਇਸ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਨ ਲਈ ਅੱਗੇ ਵੱਧ ਰਿਹਾ ਹੈ। ਰਾਜ ਨੇ ਵਿਸਥਾਰਿਤ ਸਕ੍ਰੀਨਿੰਗ ਅਤੇ ਕੈਸ਼ਲੈੱਸ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਆਪਣੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਉਹ ਆਧੁਨਿਕ ਜੀਵਨਸ਼ੈਲੀ ਨਾਲ ਜੁੜੀ ਇਸ ਤੇਜ਼ੀ ਨਾਲ ਵਧ ਰਹੀ ‘ਮੂਕ ਮਹਾਂਮਾਰੀ’ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਅਗੇਤਰੀ ਭੂਮਿਕਾ ਨਿਭਾਅ ਰਿਹਾ ਹੈ।

ਦੁਨੀਆ ਭਰ ਵਿੱਚ ਲਿਵਰ ਸਬੰਧੀ ਬੀਮਾਰੀਆਂ ਇੱਕ ‘ਮੂਕ ਮਹਾਂਮਾਰੀ’ ਵਜੋਂ ਉੱਭਰ ਰਹੀਆਂ ਹਨ। ਸਿਹਤ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਲਗਭਗ ਹਰ ਤਿੰਨ ਵਿੱਚੋਂ ਇੱਕ ਬਾਲਿਗ ਵਿਅਕਤੀ ਇਸ ਨਾਲ ਪ੍ਰਭਾਵਿਤ ਹੈ। ਇਹ ਐਸੀ ਬੀਮਾਰੀ ਹੈ ਜਿਸ ਦੇ ਲੱਛਣ ਅਕਸਰ ਉਸ ਵੇਲੇ ਸਾਹਮਣੇ ਆਉਂਦੇ ਹਨ ਜਦੋਂ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ। ‘ਦ ਲੈਂਸੇਟ’ ਦਾ ਅਧਿਐਨ ਚੇਤਾਵਨੀ ਦਿੰਦਾ ਹੈ ਕਿ ਮਰੀਜ਼ਾਂ ਦੀ ਗਿਣਤੀ 2023 ਵਿੱਚ 1.3 ਅਰਬ ਤੋਂ ਵੱਧ ਕੇ 2050 ਤੱਕ 1.8 ਅਰਬ ਹੋ ਸਕਦੀ ਹੈ, ਜੋ ਕਿ 42 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਵੇਖਿਆ ਜਾ ਰਿਹਾ ਹੈ, ਖ਼ਾਸ ਕਰਕੇ ਸ਼ਹਿਰੀ ਅਬਾਦੀ ਅਤੇ ਉੱਚ-ਖ਼ਤਰਾ ਸਮੂਹਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਪੰਜਾਬ ਵਿੱਚ ਡਾਕਟਰਾਂ ਦੇ ਮੁਤਾਬਕ ‘ਹੈਪੇਟਾਈਟਿਸ-ਸੀ’ ਇਨਫੈਕਸ਼ਨ, ਸ਼ਰਾਬ ਦੀ ਵਰਤੋਂ ਅਤੇ ਬਦਲ ਰਹੀਆਂ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ,ਸਥਿਤੀ ਹੋਰ ਗੰਭੀਰ ਹੋ ਰਹੀ ਹੈ। ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਆਰੀ ਸਾਇੰਸਜ਼(ਪੀਆਈਐਲਬੀਐਸ) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਕਿਹਾ,“ਭਾਰਤ ਵਿੱਚ ਲਿਵਰ ਦੇ ਗੰਭੀਰ ਰੋਗਾਂ ਦੇ ਮੁੱਖ ਕਾਰਨਾਂ  ਵਿੱਚ ਸ਼ਰਾਬ ਇੱਕ ਵੱਡਾ ਕਾਰਨ ਹੈ ਅਤੇ ਇਹ ਵਾਇਰਲ ਹੈਪੇਟਾਈਟਿਸ ਨਾਲ ਮਿਲ ਕੇ ਹਾਲਤ ਨੂੰ ਹੋਰ ਵੀ ਖਰਾਬ ਕਰ ਦਿੰਦੀ ਹੈ। ਫੈੱਟੀ ਲਿਵਰ ਡਿਜ਼ੀਜ਼ ਹੁਣ ਸ਼ਰਾਬ ਅਤੇ ਹੈਪੇਟਾਈਟਿਸ-ਸੀ ਦੇ ਨਾਲ ਇੱਕ ਮੁੱਖ ਕਾਰਨ ਵਜੋਂ ਉੱਭਰ  ਰਹੀ ਹੈ। ਅਲਟਰਾ-ਪ੍ਰੋਸੈਸਡ ਖਾਣਾ, ਤਲੀਆਂ ਹੋਈਆਂ ਚੀਜ਼ਾਂ ਅਤੇ ਟ੍ਰਾਂਸ- ਫੈਟਸ ਦਾ ਲੰਬੇ ਸਮੇਂ ਤੱਕ ਸੇਵਨ ਸਮੱਸਿਆ ਨੂੰ ਵਧਾ ਰਿਹਾ ਹੈ।”

ਡਾਕਟਰ ਇੱਕ ਚਿੰਤਾਜਨਕ ਬਦਲਾਅ ਵੀ ਦੇਖ ਰਹੇ ਹਨ ਕਿ ਘੱਟ ਉਮਰ ਦੇ ਮਰੀਜ਼ਾਂ ਵਿੱਚ ਲਿਵਰ ਦੀਆਂ ਬੀਮਾਰੀਆਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਇਸ ਦਾ ਮੁੱਖ ਕਾਰਨ ਸ਼ਰਾਬ ਦਾ ਵਧਦਾ ਸੇਵਨ ਅਤੇ ਹੈਪੇਟਾਈਟਿਸ-ਸੀ ਦਾ ਫੈਲਾਅ ਹੈ, ਜੋ ਰਾਜ ਵਿੱਚ ਬਦਲ ਰਹੀਆਂ ਜੀਵਨਸ਼ੈਲੀ ਅਤੇ ਵਿਵਹਾਰਕ ਰੁਝਾਨਾਂ ਨੂੰ ਦਰਸਾਉਂਦਾ ਹੈ।

ਸਿਹਤ ਸੇਵਾਵਾਂ ਬਾਰੇ ਉਨ੍ਹਾਂ ਨੇ ਦੱਸਿਆ,” ਪੰਜਾਬ ਨੇ ਆਪਣੀ ਰੈਫਰਲ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਲਿਵਰ ਬੀਮਾਰੀਆਂ ਦੀ ਪਹਿਲਾਂ ਨਾਲੋਂ ਜਲਦੀ ਪਛਾਣ ਹੋ ਰਹੀ ਹੈ। ਪਿੰਡਾਂ ਵਿੱਚ ਸਕ੍ਰੀਨਿੰਗ ਅਤੇ ਵਿਸ਼ੇਸ਼ਗਿਆ ਸੇਵਾਵਾਂ ਤੱਕ ਪਹੁੰਚ ਵੀ ਸੁਧਰੀ ਹੈ, ਹਾਲਾਂਕਿ ਫੈੱਟੀ ਲਿਵਰ ਦੀ ‘ਮੂਕ’ ਪ੍ਰਕਿਰਤੀ ਕਾਰਨ ਦੇਰ ਨਾਲ ਪਛਾਣ ਦੀ ਸਮੱਸਿਆ ਅਜੇ ਵੀ ਮੌਜੂਦ ਹੈ।”

ਵਿੱਤੀ ਅਤੇ ਪਹੁੰਚ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ, ਰਾਜ ਨੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕਵਰੇਜ ਦਾ ਵਿਸਥਾਰ ਕੀਤਾ ਹੈ, ਜੋ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ  ਇਲਾਜ ਪ੍ਰਦਾਨ ਕਰਦੀ ਹੈ। ਡਾ. ਸਿੰਘ ਦੱਸਦੇ ਹਨ ਕਿ ਮਰੀਜ਼ ਦੇ ਭਰਤੀ ਹੋਣ ’ਤੇ, ਜ਼ਿਆਦਾਤਰ ਟੈਸਟ ਅਤੇ ਦਵਾਈਆਂ ਇਸ ਯੋਜਨਾ ਦੇ ਅਧੀਨ ਕਵਰ ਹੁੰਦੀਆਂ ਹਨ, ਜਿਸ ਨਾਲ ਮਰੀਜ਼ ਦਾ ਜੇਬ ਤੋਂ ਹੋਣ ਵਾਲਾ ਖ਼ਰਚ ਘੱਟ ਹੁੰਦਾ ਹੈ। ਇਸ ਯੋਜਨਾ ਵਿੱਚ ਜਾਂਚ, ਹਸਪਤਾਲ ਵਿੱਚ ਦਾਖ਼ਲਾ ਅਤੇ ਵਿਸ਼ੇਸ਼ਗਿਆ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਨੇ ਕਈ ਮਰੀਜ਼ਾਂ ਨੂੰ ਬਿਹਤਰ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ ਅਤੇ ਇਹ ਕਈ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਨਿਰਣਾਇਕ ਸਾਬਤ ਹੋਈ ਹੈ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਕਿਹਾ, “ਇਹ ਯੋਜਨਾ ਜੇਬ ਤੋਂ ਹੋਣ ਵਾਲੇ ਖਰਚ ਨੂੰ ਘਟਾਉਂਦੀ ਹੈ , ਇਸਦੇ ਨਾਲ ਹੀ ਰੋਗ ਦੀ ਪਛਾਣ ਅਤੇ ਇਲਾਜ ਵਿੱਚ ਹੋਣ ਵਾਲੀ ਦੇਰੀ ਨੂੰ ਰੋਕਦੀ ਹੈ।”

ਜਨਤਕ ਸਿਹਤ ਪ੍ਰੋਗਰਾਮਾਂ ਹੇਠ ਵਿਸਥਾਰਿਤ ਸਕ੍ਰੀਨਿੰਗ ਨਾਲ, ਸ਼ੁਰੂਆਤੀ ਪਛਾਣ ਵਿੱਚ ਸੁਧਾਰ ਹੋਣ ਅਤੇ ਬੀਮਾਰੀ  ਦੀ ਪ੍ਰਗਤੀ ਨੂੰ ਧੀਮਾ ਕਰਨ ਦੀ ਉਮੀਦ ਹੈ।  ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਿਵਰ ਡਿਜ਼ੀਜ਼ ਦੇ ਸ਼ੁਰੂਆਤੀ ਪੜਾਅ ਨੂੰ ਜੀਵਨਸ਼ੈਲੀ ਦੇ ਵਿੱਚ ਬਦਲਾਅ  ਜਿਵੇਂ ਕਿ ਵਧੀਆ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਸ਼ਰਾਬ ਦੇ ਸੇਵਨ ਵਿੱਚ ਕਮੀ ਕਰਨ ਨਾਲ ਅਕਸਰ ਠੀਕ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਫਤਿਹਗੜ੍ਹ ਚੂੜੀਆਂ ਦੀ ਦਾਣਾ ਮੰਡੀ ‘ਚ ਕਣਕ ਦੀ ਖਰੀਦ ਸ਼ੁਰੂ, ਕਿਸਾਨਾਂ ਨੇ ਬਰਸਾਤ ਕਾਰਨ ਝਾੜ ਘਟਣ ਦਾ ਜਤਾਇਆ ਖਦਸ਼ਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *