ਮਹਿਲਾ ਦਿਵਸ ਵਿਸ਼ੇਸ਼ : ਕਦੇ ਰਾਤ ਦੀ ਰੋਟੀ ਵੀ ਨਹੀਂ ਹੁੰਦੀ ਸੀ ਨਸੀਬ, ਅੱਜ ਬਣ ਗਈ ਸਬ-ਇੰਸਪੈਕਟਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਪੂਰੀ ਦੁਨੀਆਂ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਅਜਿਹੀ ਉੱਧਮੀ ਅਤੇ ਸੰਘਰਸ਼ਸ਼ੀਲ ਮਹਿਲਾਵਾਂ ਦੀਆਂ ਕਹਾਣੀਆਂ ਨਿਕਲ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਪੂਰੀ ਦੁਨੀਆਂ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਅਜਿਹੀ ਉੱਧਮੀ ਅਤੇ ਸੰਘਰਸ਼ਸ਼ੀਲ ਮਹਿਲਾਵਾਂ ਦੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਦੀ ਜਿੰਦਗੀ ਤੋਂ ਦੂਜਿਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਅਤੇ ਇਸੇ ਲਈ ਤੁਹਾਨੂੰ ਅੱਜ ਪੰਜਾਬ ਪੁਲਿਸ ਵਿਚ ਬਤੌਰ ਸਬ ਇੰਸਪੈਕਟਰ ਨੌਕਰੀ ਕਰ ਰਹੀ ਗੁਰਪ੍ਰੀਤ ਕੌਰ ਦੇ ਸੰਘਰਸ਼ ਦੀ ਕਹਾਣੀ ਦੱਸਾਂਗੇ।

ਗੁਰਦਾਸਪੁਰ ਜਿਲ੍ਹੇ ਵਿਚ ਤਾਇਨਾਤ ਗੁਰਪ੍ਰੀਤ ਕੌਰ ਦੇ ਸਬ-ਇੰਸਪੈਕਟਰ ਬਨਣ ਦੀ ਕਹਾਣੀ ਕੋਈ ਅਸਾਨ ਨਹੀਂ ਹੈ ਪਰ ਕਹਿੰਦੇ ਨੇ  ਕਿ ”ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਅਤੇ ਕੁੱਝ ਕੀਤੇ ਬਿਨਾਂ ਜੈ-ਜੈ ਕਾਰ ਨਹੀਂ ਹੁੰਦੀ” ਬਸ ਇਸ ਜਜਬੇ ਨੂੰ ਲੈ ਕੇ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਆਪਣੀ ਜਿੰਦਗੀ ਦੇ ਮੁਸ਼ਕਿਲ ਪੜਾਵਾਂ ਨੂੰ ਪਾਰ ਕੀਤਾ ਅਤੇ ਅੱਜ ਇਸ ਮੁਕਾਮ ਤੱਕ ਪਹੁੰਚੀ ਹੈ। ਦਰਅਸਲ ਗੁਰਪ੍ਰੀਤ ਕੌਰ ਜਦੋਂ ਸੱਤਵੀਂ ਜਮਾਤ ਵਿਚ ਪੜਦੀ ਸੀ ਉਦੋਂ ਉਸ ਦੇ ਪਿਤਾ ਦਾ ਸਾਇਆ ਹਮੇਸ਼ਾ ਲਈ ਉਸ ਦੇ ਸਿਰੋਂ ਉੱਠ ਗਿਆ ਅਤੇ ਗੁਰਪ੍ਰੀਤ ਦੀ ਮਾਂ ਇਕ ਘਰੇਲੂ ਔਰਤ ਸੀ। ਪਿਤਾ ਦੇ ਫ਼ੌਜ ਵਿਚੋਂ ਰਿਟਾਇਰਡ ਹੋਣ ਕਾਰਨ ਸਾਲ 2000 ਵਿਚ ਉਸ ਦੀ ਮਾਂ ਨੂੰ 1200 ਰੁਪਏ ਪੈਨਸ਼ਨ ਮਿਲਣ ਲੱਗੀ ਪਰ ਪਰਿਵਾਰ ਵਿਚ ਦੋ ਭੈਣਾਂ ਅਤੇ ਇਕ ਭਰਾ ਹੋਣ ਕਰਕੇ 1200 ਰੁਪਏ ਵਿਚ ਖਰਚ ਮਸਾ ਹੀ ਚਲਦਾ ਸੀ ਜਿਸ ਕਰਕੇ ਪਰਿਵਾਰ ਉੱਤੇ ਮੁਸਿਬਤਾਂ ਦਾ ਪਹਾੜ ਟੁੱਟ ਗਿਆ। ਕਦੇ-ਕਦੇ ਰਾਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ।

ਪਰਿਵਾਰ ਵਿਚ ਵੱਡੀ ਹੋਣ ਕਰਕੇ ਸਾਰੀ ਜਿੰਮੇਵਾਰੀ ਗੁਰਪ੍ਰੀਤ ਉੱਤੇ ਆ ਗਈ। ਸਮਾਂ ਅੱਗੇ ਵਧਿਆ ਤਾਂ ਉਸ ਨੇ ਆਪਣੀ 12ਵੀਂ ਪਾਸ ਕੀਤੀ ਪਰ ਆਰਥਿਕ ਤੰਗੀ ਕਰਕੇ ਗੁਰਪ੍ਰੀਤ ਨੂੰ ਉਸ ਦੀ ਮਾਂ ਕਾਲਜ ਵਿਚ ਪੜਵਾਉਣ ਤੋਂ ਅਸਮਰੱਥ ਸੀ। ਮੁਸਬਿਤ ਦੀ ਇਸ ਘੜੀ ਵਿਚ ਉਸ ਦੇ ਆਪਣੇ ਵੀ ਬੈਗਾਨੇ ਹੋ ਗਏ ਜਿਸ ਕਰਕੇ ਉਸਦਾ ਇਕ ਸਾਲ ਦਾ ਗੈਪ ਪੈ ਗਿਆ। ਗੁਰਪ੍ਰੀਤ ਦੇ ਬਾਰਵੀ ਪਾਸ ਹੋਣ ਤੋਂ ਬਾਅਦ ਉਸ ਦੀ ਮਾਂ ਨੇ ਉਸ ਦੇ ਵਿਆਹ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਗੁਰਪ੍ਰੀਤ ਪੜਨ ਵਿਚ ਬਹੁਤ ਹੁਸ਼ਿਆਰ ਸੀ ਅਤੇ ਇਕ ਦਿਨ ਉਸ ਦੀ ਦੋਸਤ ਉਸ ਦੇ ਘਰ ਆਈ ਅਤੇ ਉਸ ਦੀ ਮਾਂ ਨੂੰ ਗੁਰਪ੍ਰੀਤ ਦੀ ਐਡਮੀਸ਼ਨ ਸਰਕਾਰੀ ਕਾਲਜ ਵਿਚ ਕਰਵਾਉਣ ਲਈ ਕਿਹਾ ਕਿਉਂਕਿ ਸਰਕਾਰੀ ਕਾਲਜਾਂ ਵਿਚ ਖਰਚਾ ਘੱਟ ਹੁੰਦਾ ਹੈ। ਮਾਂ ਪੜੀ-ਲਿਖੀ ਨਹੀਂ ਸੀ ਪਰ ਆਪਣੀ ਬੱਚੀ ਨੂੰ ਪੜਾਉਣ ਵਿਚ ਉਸ ਨੇ ਪੂਰਾ ਸਾਥ ਦਿੱਤਾ। ਜਦੋਂ ਕਾਲਜ ਵਿਚ ਉਹ ਦਾਖਲਾ ਲੈਣ ਗਏ ਤਾਂ ਕਾਲਜ ਪ੍ਰਸ਼ਾਸਨ ਨੇ ਵੀ ਘਰ ਦੀ ਗਰੀਬੀ ਨੂੰ ਵੇਖਦੇ ਹੋਏ ਗੁਰਪ੍ਰੀਤ ਦੀ ਫੀਸ ਅੱਧੀ ਕਰ ਦਿੱਤੀ ਜਿਸ ਕਰਕੇ ਗੁਰਪ੍ਰੀਤ ਨੇ ਕਾਲਜ ਵਿਚ ਮਨ ਲਗਾ ਕੇ ਪੜਾਈ ਕੀਤੀ ਅਤੇ ਗਰੈਜੁਏਸ਼ਨ ਪਾਸ ਕੀਤੀ।

ਗਰੈਜੂਏਸ਼ਨ ਪਾਸ ਹੋਣ ਮਗਰੋਂ ਨਾਲ ਦੇ ਸਾਥੀਆਂ ਨੇ ਪੋਸਟ ਗੈਰਜੂਏਸ਼ਨ ਵਿਚ ਐਡਮੀਸ਼ਨ ਲੈ ਲਈ ਅਤੇ ਗੁਰਪ੍ਰੀਤ ਦੇ ਰਾਸਤੇ ਵਿਚ ਇਕ ਵਾਰ ਫਿਰ ਆਰਥਿਕ ਤੰਗੀ ਦੀ ਉਂਕੜ ਪੇਸ਼ ਆਈ ਪਰ ਇਕ ਚੰਗੀ ਅਤੇ ਹੋਣਹਾਰ ਵਿਦਿਆਰਥਣ ਹੋਣ ਕਰਕੇ ਗੁਰਪ੍ਰੀਤ ਦੇ ਪ੍ਰੌਫੈਸਰਾ ਨੂੰ ਉਸ ਦੀ ਆਪਣੇ ਖਰਚੇ ਉੱਤੇ ਪੋਸਟ ਗ੍ਰੈਜੁਏਸ਼ਨ ਵਿਚ ਐਡਮੀਸ਼ਨ ਕਰਵਾਈ ਜਿਸ ਤੋਂ ਬਾਅਦ ਗੁਰਪ੍ਰੀਤ ਨੇ ਆਪਣੀ ਪੜਾਈ ਮੁੜ ਸ਼ੁਰੂ ਕਰ ਦਿੱਤੀ। ਕਹਿੰਦੇ ਨੇ ਜਰੂਰੀ ਨਹੀਂ ਕਿ ਸਮਾਂ ਹਮੇਸ਼ਾ ਬੁਰਾ ਹੀ ਰਹਿੰਦਾ ਹੈ ਇਕ ਦਿਨ ਚੰਗਾ ਵੀ ਆਉਂਦਾ ਹੈ ਕਿਉਂਕਿ ਰਾਤ ਤੋਂ ਬਾਅਦ ਹਮੇਸ਼ਾ ਨਵਾਂ ਦਿਨ ਸ਼ੁਰੂ ਹੁੰਦਾ ਹੈ ਜੋ ਕਿ ਹਨੇਰੇ ਦੀ ਥਾਂ ਸੂਰਜ ਦਾ ਉਜਾਲਾ ਲਿਆਉਂਦਾ ਹੈ ਅਤੇ ਇਸੇ ਤਰ੍ਹਾ ਗੁਰਪ੍ਰੀਤ ਦੀ ਮੁਸ਼ਕਿਲਾਂ ਭਰੀ ਜਿੰਦਗੀ ਦੇ ਚੰਗੇ ਸਮੇ ਉਦੋਂ ਸ਼ੁਰੂਆਤ ਹੋਈ ਜਦੋਂ ਉਹ ਆਪਣੇ ਗ੍ਰੈਜੁਏਸ਼ਨ ਦੇ ਆਖਰੀ ਸਾਲ ਵਿਚ ਪੜ ਰਹੀ ਸੀ।ਦਰਅਸਲ ਉਦੋਂ ਪੰਜਾਬ ਪੁਲਿਸ ਵਿਚ ਭਰਤੀ ਨਿਕਲੀ ਹੋਈ ਸੀ ਅਤੇ ਗੁਰਪ੍ਰੀਤ ਦੇ ਦੋਸਤਾਂ ਨੇ ਆਪਣੇ ਨਾਲ ਉਸ ਦੇ ਵੀ ਫਾਰਮ ਭਰਤੀ ਲਈ ਭਰ ਦਿੱਤੇ।

ਗੁਰਪ੍ਰੀਤ ਆਪਣੀ ਮਿਹਨਤ ਸਦਕਾ ਜ਼ਿੰਦਗੀ ਵਿਚ ਕੁੱਝ ਵੱਡਾ ਕਰਨਾ ਚਾਹੁੰਦੀ ਸੀ ਪਰ ਉਸ ਨੇ ਕਦੇਂ ਇਹ ਨਹੀਂ ਸੋਚਿਆ ਸੀ ਕਿ ਕਦੇ ਉਹ ਪੁਲਿਸ ਵਿਚ ਭਰਤੀ ਹੋ ਜਾਵੇਗੀ। ਗੁਰਪ੍ਰੀਤ ਅਨੁਸਾਰ ਉਸ ਨੂੰ ਆਪਣਾ ਟ੍ਰਾਇਲ ਕਲੀਅਰ ਕਰਨ ਦੀ ਬਿਲਕੁੱਲ ਵੀ ਉਮੀਦ ਨਹੀਂ ਸੀ ਜਿਸ ਬਾਰੇ ਉਸ ਨੇ ਆਪਣੀ ਮਾਂ ਨੂੰ ਵੀ ਦੱਸਿਆ ਪਰ ਗੁਰਪ੍ਰੀਤ ਦੀ ਮਾਂ ਨੇ ਉਸ ਨੂੰ ਇਹ ਕਹਿ ਕਿ ਘਰੋਂ ਭੇਜਿਆ ਕਿ ਜੇਕਰ ਟ੍ਰਾਇਲ ਕਲੀਅਰ ਨਾ ਹੋਇਆ ਤਾਂ ਵਾਪਸ ਘਰ ਨਾਂ ਆਵੀਂ। ਇਹ ਸੁਣ ਕੇ ਗੁਰਪ੍ਰੀਤ ਦੇ ਦਿਮਾਗ ਉੱਤੇ ਹੋਰ ਵੀ ਬੋਝ ਪੈ ਗਿਆ ਕਿਉਂਕਿ ਇਹ ਦਿਨ ਉਸ ਦੀ ਜਿੰਦਗੀ ਦਾ ਸੱਭ ਤੋਂ ਵੱਡਾ ਦਿਨ ਹੋਣ ਜਾ ਰਿਹਾ ਸੀ। ਘਰ ਦੀ ਗਰੀਬੀ ਚੁੱਕਣ ਲਈ ਗੁਰਪ੍ਰੀਤ ਨੂੰ ਟ੍ਰਾਇਲ ਕਲੀਅਰ ਕਰਨਾ ਹੀ ਸੀ ਅਤੇ ਮਾਂ ਦੇ ਕਹੇ ਬੋਲਾਂ ਨੂੰ ਆਪਣੇ ਦਿਮਾਗ ਵਿਚ ਬਿਠਾ ਕੇ ਗੁਰਪ੍ਰੀਤ ਨੇ ਆਪਣਾ ਟ੍ਰਾਇਲ ਪਾਸ ਕੀਤਾ ਅਤੇ ਲਿਖਤੀ ਪ੍ਰੀਖਿਆ ਪਾਸ ਕਰਕੇ ਪੰਜਾਬ ਪੁਲਿਸ ਵਿਚ ਕਾਂਸਟੇਬਲ ਭਰਤੀ ਹੋ ਗਈ।

ਗੁਰਪ੍ਰੀਤ ਪੁਲਿਸ ‘ਚ ਭਰਤੀ ਹੋਣ ਤੋਂ ਬਾਅਦ ਇੱਥੇ ਹੀ ਨਹੀਂ ਰੁਕੀ। ਸਾਲ 2013 ਵਿਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਪਦਾ ਲਈ ਫਾਰਮ ਨਿਕਲੇ ਹੋਏ ਸਨ ਜਿਸ ਦੇ ਬਾਰੇ ਸੁਣ ਕੇ ਉਸ ਨੇ ਸਬ-ਇੰਸਪੈਕਟਰ ਬਨਣ ਦੀ ਸੋਚੀ। ਗੁਰਪ੍ਰੀਤ ਨੇ ਇਸ ਲਈ ਟ੍ਰਾਇਲ ਵੀ ਕਲੀਅਰ ਕਰ ਲਿਆਪਰ ਡਿਊਟੀ ਤੋਂ ਸਮਾਂ ਨਾ ਮਿਲਣ ਕਰਕੇ ਗੁਰਪ੍ਰੀਤ ਵਾਸਤੇ ਇਸ ਅਹੁਦੇ ਦੀ ਪ੍ਰੀਖਿਆ ਨੂੰ ਪਾਸ ਕਰਨਾ ਕੋਈ ਅਸਾਨ ਕੰਮ ਨਹੀਂ ਸੀ। ਗੁਰਪ੍ਰੀਤ ਦੇ ਮਨ ਵਿਚ ਕੁੱਝ ਵੱਡਾ ਕਰਨ ਦੀ ਜਨੂਨ ਸੀ ਅਤੇ ਉਸ ਨੇ ਹਾਰ ਨਾ ਮੰਨੀ ਅਤੇ ਸੱਤ ਦਿਨਾਂ ਦੀਆਂ ਛੁੱਟੀਆਂ ਲੈ ਕੇ ਪ੍ਰੀਖਿਆ ਪਾਸ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ। ਗੁਰਪ੍ਰੀਤ ਦੇ ਇਹ ਮਿਹਨਤ ਰੰਗ ਲਿਆਈ ਅਤੇ ਉਸ ਨੇ ਪ੍ਰੀਖਿਆ ਪਾਸ ਕਰ ਲਈ। ਗੁਰਪ੍ਰੀਤ ਹੁਣ ਪੰਜਾਬ ਪੁਲਿਸ ਵਿਚ ਬਤੌਰ ਸਬ-ਇੰਸਪੈਕਟਰ ਸੇਵਾ ਨਿਭਾ ਰਹੀ ਹੈ। ਚੰਗੀ ਨੌਕਰੀ ਕਰਕੇ ਉਸ ਦੇ ਘਰ ਦੀ ਹਾਲਤ ਵੀ ਠੀਕ ਹੋ ਚੁੱਕੀ ਹੈ ਜਿਸ ਕਰਕੇ ਉਸ ਦੇ ਭੈਣ-ਭਰਾ ਵੀ ਵਧੀਆ ਸਿੱਖਿਆ ਪ੍ਰਾਪਤ ਕਰ ਸਕੇ ਹਨ। ਇਸ ਮੁਕਾਮ ਉੱਤੇ ਪਹੁੰਚ ਕੇ ਗੁਰਪ੍ਰੀਤ ਬਾਕੀ ਲੜਕੀਆਂ ਨੂੰ ਵੀ ਪੜ-ਲਿਖ ਕੇ ਕੁੱਝ ਅੱਗੇ ਵੱਧਣ ਦੀ ਅਪੀਲ ਕਰ ਰਹੀ ਹੈ। ਗੁਰਪ੍ਰੀਤ ਦਾ ਇਹ ਵੀ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੀ ਲੜਕੀਆਂ ਨੂੰ ਦਹੇਜ ਦੇਣ ਦੀ ਥਾਂ ਵਿਦਿਆ ਦਾ ਦਾਨ ਦੇਣਾ ਚਾਹੀਦਾ ਹੈ ਤਾਂ ਜੋਂ ਉਹ ਜਿੰਦਗੀ ਵਿਚ ਕੁੱਝ ਵੱਡਾ ਕਰ ਸਕਣ ਅਤੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਸਕਣ। ਖੈਰ ਗੁਰਪ੍ਰੀਤ ਨੇ ਆਪਣੀ ਮਿਹਨਤ ਸਦਕਾ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨ ਵਿਚ ਕੁੱਝ ਕਰਨ ਦਾ ਜਨੂਨ ਹੋਵੇ ਤਾਂ ਕਿਸੇ ਵੀ ਤਰ੍ਹਾ ਦੀ ਉਂਕੜ ਉਸ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦੀ।

https://www.facebook.com/LivingIndiaNewschannel/videos/519977602250097/

Leave a Reply

Your email address will not be published. Required fields are marked *